ਢੋਲ ਦੀ ਪੋਲ ! (ਨਿੱਕੀ ਕਹਾਣੀ)

ਢੋਲ ਦੀ ਪੋਲ ! (ਨਿੱਕੀ ਕਹਾਣੀ)
-------------------------

ਢੋਲੀ ਨੇ ਢੋਲ ਤੇ ਡੱਗਾ ਮਾਰਿਆ ਡਗ..ਡਗ..ਡਗ..ਡਗਾ ਡਗ–ਡਗਾ ਡਗ... ਤਾਂ ਨਾਲ ਹੀ ਇਸ਼ਪ੍ਰੀਤ ਸਿੰਘ ਨੇ ਆਪਣੇ ਕੰਨਾ ਨੇ ਹੱਥ ਰੱਖ ਲਏ ਤੇ ਓਹ ਵਖਰਾ ਜਾ ਕੇ ਖੜਾ ਹੋ ਗਿਆ ! ਨਾਲ ਦੇ ਉਸਦੇ ਭਰਾ ਦੋਸਤ ਜੋ ਸ਼ਰਾਬ ਦੇ ਸਰੂਰ ਵਿੱਚ ਸਨ, ਓਹ ਬੜ੍ਹਕਾਂ ਮਾਰਦੇ ਹੋਏ ਭੰਗੜਾ ਕਰਨ ਲੱਗੇ !

ਕੀ ਗੱਲ ਇਸ਼ਪ੍ਰੀਤ ਸਿੰਘ ! ਤੂੰ ਨਚਣਾ ਨਹੀਂ ? ਅੱਗੇ ਪਿੱਛੇ ਤਾਂ ਤੇਰੇ ਪੈਰ ਨਹੀਂ ਰੁਕਦੇ ? (ਰਣਜੀਤ ਸਿੰਘ ਨੇ ਕੋਲ ਆ ਕੇ ਪੁਛਿਆ)

ਮੈਂ ਸ਼ਰਾਬ ਨਹੀਂ ਪੀਂਦਾ ! (ਇਸ਼ਪ੍ਰੀਤ ਸਿੰਘ ਨੇ ਜਵਾਬ ਦਿੱਤਾ)

ਰਣਜੀਤ ਸਿੰਘ : ਢੋਲੀ ਦੇ ਢੋਲ ਤੇ ਨਚਣ ਲਈ ਸ਼ਰਾਬ ਜਰੂਰੀ ਹੈ ? ਇਹ ਤਾਂ ਉਮੰਗਾਂ ਤੇ ਤਰੰਗਾਂ ਦਾ ਪ੍ਰਤੀਕਰਮ ਹੈ !

ਇਸ਼ਪ੍ਰੀਤ ਸਿੰਘ (ਹਸਦਾ ਹੋਇਆ) : ਜਿਨ੍ਹਾਂ ਢੋਲੀਆਂ ਦੇ ਢੋਲ ਹੀ ਪਾਟੇ ਹੋਣ, ਉਨ੍ਹਾਂ ਸਾਹਮਣੇ ਨਚਣ ਵਾਲੇ ਸ਼ਰਾਬੀ ਹੀ ਹੋ ਸਕਦੇ ਹਨ ! ਨਚਣਾ ਆਪਣੇ ਮਨ ਕਾ ਚਾਓ ਹੈ ਨਾ ਕੀ ਸਿਰਫ ਕਿਸੀ ਦੂਜੇ ਨੂੰ ਖੁਸ਼ ਕਰਨ ਦਾ ਰਾਹ ! ਢੋਲ ਵੱਜੇਗਾ ਤਾਂ ਮੈਂ ਜਰੂਰ ਨਚਾਂਗਾ, ਇਹ ਤਾਂ ਪਾਟਿਆ ਢੋਲ ਹੈ !

ਲੈ ਢੋਲ ਦੀ ਗੱਲ ਕਰਦੇ ਕਰਦੇ ਇੱਕ ਨਵੀਂ ਗੱਲ ਸਮਝ ਆਈ ......

ਜਿਨ੍ਹਾਂ ਪਾਰਟੀਆਂ ਦਾ ਢੋਲੀ ਦੇ ਢੋਲ ਵਾਂਗ ਪੰਥਕ ਟੀਚਾ ਤਾਂ ਹੋਵੇ ਪਰ ਉਸ ਟੀਚੇ ਦੀ ਪ੍ਰਾਪਤੀ ਦੇ ਕਿਸੀ ਰਾਹ ਦੇ ਓਹ ਪਾਂਧੀ ਨਾ ਹੋਣ ਤਾਂ ਉਨ੍ਹਾਂ ਮਗਰ ਲਗਣ ਵਾਲੇ ਸ਼ਰਾਬੀ, ਐਬੀ, ਇਖਲਾਖ ਤੋਂ ਡਿੱਗੇ, ਤਾਕਤ ਦੇ ਭੁੱਖੇ ਤਾਂ ਹੋ ਸਕਦੇ ਹਨ ਪਰ ਪੰਥਕ ਨਹੀਂ !

ਛੱਡੋ ਜੀਜਾ ਜੀ ! ਹਮੇਸ਼ਾ ਆਪਣੀਆਂ ਪੰਥਕ ਗੱਲਾਂ ਲੈ ਕੇ ਬੈ ਜਾਂਦੇ ਹੋ ! ਕਦੀ ਹੱਸ-ਖੇਡ ਵੀ ਲਿਆ ਕਰੋ ! ਚਲੋ ਆਓ ... ਪਾਟੇ ਢੋਲ ਤੇ ਹੀ ਸਹੀ ....

ਰਣਜੀਤ ਸਿੰਘ ਨੇ ਬੋਲੀ ਪਾਈ :

ਮਾਂ ਮੇਰੀ ਨੇ ਮੁੰਡਾ ਲੱਭਿਆ, ਪਤੀ ਦੇਵ ਕਰ ਜਾਣੀ !
ਮੂਰਖ ਸ਼ਰਾਬੀ ਮਾਹੀ ਨੂੰ, ਪਿੱਟਦੀ ਧੀ ਧਿਆਣੀ !

- ਬਲਵਿੰਦਰ ਸਿੰਘ ਬਾਈਸਨ