ਕਰ ਲਓ ਘਿਓ ਨੂੰ ਭਾਂਡਾ (ਨਿੱਕੀ ਕਹਾਣੀ)

ਧੱਕਾ ਹੋਣਾ - ਹਿਰਦਾ ਵਲੂੰਧਰਣਾ - ਜਜਬਾਤਾਂ ਨਾਲ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ! (ਹਰਜੀਤ ਕੌਰ ਨੇ ਕਿਹਾ)

ਇਹ ਅੱਖਰ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਕਿਸੀ ਵਿਰੋਧੀ ਪਾਰਟੀ ਦੀ ਭਾਈਵਾਲ ਪਾਰਟੀ ਕੋਈ ਐਸੀ ਕਾਰਵਾਈ ਕਰ ਦਿੰਦੀ ਹੈ ਜਿਸ ਨਾਲ ਸਿੱਖ ਕਦਰਾਂ ਕੀਮਤਾਂ ਨੂੰ ਠੇਸ ਲੱਗੇ ਤਾਂ ਪੰਥ ਨਾਲ ਧੱਕਾ ਹੋ ਜਾਂਦਾ ਹੈ ਤੇ ਹਿਰਦੇ ਵਲੂੰਧਰੇ ਜਾਂਦੇ ਹਨ ਤੇ ਇਹ ਉਸ ਪਾਰਟੀ ਤੇ ਸਿੱਖਾਂ ਦੇ ਜਜਬਾਤਾਂ ਨਾਲ ਖੇਡਣ ਦਾ ਇਲਜ਼ਾਮ ਲਾਉਂਦੇ ਹਨ ! (ਰਣਜੀਤ ਸਿੰਘ ਨੇ ਜਵਾਬ ਦਿੱਤਾ)

ਹਰਜੀਤ ਕੌਰ : ਚੰਗਾ ਚੰਗਾ, ਬੈਠ ਜਾ ! ਹਾਂ ਬਈ ਕੁਲਜੀਤ ਤੂੰ ਸ਼ਰਣ ਆਏ ਨੂੰ ਮਾਫ਼ੀ - ਨਿੱਕੀ ਜਿਹੀ ਗੱਲ - ਸਿਆਸਤ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਕੇ ਸੁਣਾ !

ਕੁਲਜੀਤ ਸਿੰਘ : ਇਹ ਅੱਖਰ ਵੀ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਇਨ੍ਹਾਂ ਦੀ ਆਪਣੀ ਭਾਈਵਾਲ ਪਾਰਟੀ ਜਾਂ ਆਪਣਾ ਕੋਈ ਬੰਦਾ ਕੋਈ ਐਸੀ ਕਾਰਵਾਈ ਕਰ ਦਿੰਦੀ ਹੈ ਜਿਸ ਨਾਲ ਸਿੱਖ ਕਦਰਾਂ ਕੀਮਤਾਂ ਨੂੰ ਠੇਸ ਲੱਗੇ ਤਾਂ ਇਨ੍ਹਾਂ ਨੂੰ ਸਿੱਖ ਸਿਧਾਂਤ ਸ਼ਰਣ ਆਏ ਨੂੰ ਮਾਫ਼ੀ ਚੇਤੇ ਆ ਜਾਂਦਾ ਹੈ ਤੇ ਇਨ੍ਹਾਂ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਤੇ ਇਹ ਫਿਰ ਉਸ ਗੱਲ ਨੂੰ ਨਿੱਕੀ ਜਿਹੀ ਗੱਲ ਆਖ ਕੇ ਵਿਰੋਧੀ ਉੱਤੇ ਸਿਆਸਤ ਖੇਡਣ ਦਾ ਇਲਜ਼ਾਮ ਲਾਉਂਦੇ ਹਨ !

ਕਰ ਲਓ ਘਿਓ ਨੂੰ ਭਾਂਡਾ ! ਤੁਹਾਡੀ ਮੱਤ ਮਾਰੀ ਗਈ ਹੈ ! ਤੁਸੀਂ ਕਾਲਜ ਪੜਨ ਆਉਂਦੇ ਹੋ ਜਾਂ ਸਿਆਸਤ ਦੀਆਂ ਮੇਂਗਣਾ ਵੰਡਣ ! ਹੁਣ ਤਾਂ ਕੋਈ ਗੱਲ ਨਹੀਂ ਪਰ ਪੇਪਰਾਂ ਵਿੱਚ ਨਾ ਲਿੱਖ ਆਇਓ ਇਹ ਗੱਲਾਂ, ਨੰਬਰ ਇੱਕ ਨਹੀਂ ਮਿਲਣਾ ! ਵੈਸੇ ਮੁੰਡਿਓ, ਵਿਆਖਿਆ ਤੇ ਚੰਗੀ ਕੀਤੀ ਤੁਸੀਂ ਪਰ ਪ੍ਰਸੰਗ ਸੁਣਾਉਣ ਨੂੰ ਨਹੀਂ ਕਹੂੰਗੀ ਕਿਓਂਕਿ ਇਹ ਸਾਰੇ ਪ੍ਰਸੰਗ ਤਾਂ ਰੋਜ਼ ਲੋਕੀ ਆਪੇ ਅਖਬਾਰਾਂ ਵਿੱਚ ਪੜ੍ਹ ਹੀ ਲੈਂਦੇ ਹਨ ! ਇਨ੍ਹਾਂ ਦੀ ਲੱਤ-ਮੁੱਕੀ ਤੇ ਚਲਦੀ ਹੀ ਰਹਿਣੀ ਹੈ, ਜਨਤਾ ਨੂੰ ਸਿਆਣਾ ਬਣਨ ਦੀ ਲੋੜ ਹੈ ! (ਹਸਦੇ ਹੋਏ ਹਰਜੀਤ ਕੌਰ ਨੇ ਕਿਹਾ)

ਸਾਰੀ ਕਲਾਸ ਜ਼ੋਰ ਦੀ ਹੱਸਦੀ ਹੈ !