ਤਸਵੀਰ ਬਨਾਤਾ ਹੂੰ, ਤਸਵੀਰ ਨਹੀਂ ਬਨਤੀ ! (ਨਿੱਕੀ ਕਹਾਣੀ)

ਪਤਾ ਨਹੀਂ ਕਿਓਂ ਸਿੱਖ ਆਪਣੇ ਗੁਰੂਆਂ ਦੀ ਕੋਈ ਤਸਵੀਰ ਜਾਂ ਮੂਰਤੀ ਬਣਨ ਨਹੀਂ ਦਿੰਦੇ ! ਜੇਕਰ ਕੋਈ ਗਲਤੀ ਨਾਲ ਬਣਾ ਵੀ ਲਵੇ ਤਾਂ ਉਸ ਦੇ ਦੁਆਲੇ ਹੋ ਜਾਂਦੇ ਹਨ ! ਕੀ ਤੁਸੀਂ ਨਹੀਂ ਜਾਨਣਾ ਚਾਹੁੰਦੇ ਕੀ ਤੁਹਾਡੇ ਗੁਰੂ ਕਿਹੋ ਜਿਹੇ ਸਨ ? " ਯੋਧਾ ਨਾਨਕ " "ਹੱਸਦਾ ਨਾਨਕ " "ਹੱਲ ਵਾਹੁੰਦਾ ਨਾਨਕ" ........ਤੁਸੀਂ ਗੋਬਿੰਦ ਦੀ ਉਹ ਤਸਵੀਰ ਵੀ ਨਹੀਂ ਬਣਨ ਦੇਂਦੇ -- "ਖੇਡਦਾ ਗੋਬਿੰਦ" "ਕਵੀ ਗੋਬਿੰਦ" "ਜੋਧਾ ਗੋਬਿੰਦ"!! " (ਵਿਨੋਦ ਕੁਮਾਰ ਆਪਣੇ ਮਿੱਤਰ ਰਣਜੀਤ ਸਿੰਘ ਨਾਲ ਵਿਚਾਰਾਂ ਕਰ ਰਿਹਾ ਸੀ)

ਸਾਨੂੰ ਦਸਾਂ ਗੁਰੂਆਂ ਦੀ ਕੋਈ ਵੀ ਤਸਵੀਰ ਬਣਾਉਣੀ ਹੀ ਕਿਓਂ ਹੈ ? ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਪ੍ਰਤੱਖ ਮੌਜੂਦ ਹਨ ..... ਗੁਰੂ ਸ਼ਰੀਰ ਦੇ ਦਰਸ਼ਨਾਂ ਤੋਂ ਬਾਹਰ ਆ ਕੇ ਗੁਰੂ ਸ਼ਬਦ ਦੇ ਦਰਸ਼ਨ ਕਰਨੇ ਸਹੀ ਰਾਹ ਹੈ ! (ਰਣਜੀਤ ਸਿੰਘ ਨੇ ਗੁਰਮਤਿ ਰਾਹ ਸਮਝਾਇਆ)

ਸਾਨੂੰ ਕੋਈ ਫ਼ਰਕ ਨਹੀਂ ਪੈਂਦਾ, ਸਾਨੂੰ ਤਾਂ ਜਿੱਥੋਂ ਕਿਰਪਾ ਆਉਂਦੀ ਦਿਸਦੀ ਹੋਵੇ ਉਸੀ ਦਰ ਤੇ ਮੱਥਾ ਟੇਕ ਦਿੰਦੇ ਹਨ ! ਸਾਨੂੰ ਧਰਮ ਦਾ ਕੋਈ ਭੇਦ ਨਹੀਂ, ਭਾਵੇਂ ਮਜ਼ਾਰ ਹੋਵੇ ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਜਾਂ ਹੋਵੇ ਕੋਈ ਮੂਰਤੀ ! ਕਰੋੜਾਂ ਸਨਾਤਨੀ ਹਨ ਤੇ ਉਨ੍ਹਾਂ ਦੇ ਕਰੋੜਾਂ ਹੀ ਵਿਸ਼ਵਾਸ ਵੀ ਹਨ, ਕੋਈ ਕਿਸ ਦੇਵਤੇ ਨੂੰ ਮੰਨਦਾ ਹੈ ਤੇ ਕੋਈ ਕਿਸੀ ਨੂੰ ! ਕੋਈ ਪਰਮਾਤਮਾ ਨੂੰ ਨਿਰਾਕਾਰ ਕਹਿੰਦਾ ਹੈ ਤੇ ਕੋਈ ਸਾਕਾਰ ਵਿੱਚੋਂ ਭਾਲਦਾ ਹੈ, ਪਰ ਫਿਰ ਵੀ ਕਹਾਉਂਦੇ ਸਾਰੇ ਸਨਾਤਨੀ ਹੀ ਹਨ ! ਸਮੇਂ ਦੇ ਨਾਲ ਅਸੀਂ ਬੜੇ ਹੀ ਕੰਪੇਟਿਬਲ ਹੋ ਚੁੱਕੇ ਹਾਂ ਤੇ ਤੁਸੀਂ ਸਿੱਖ ਅਜੇ ਵੀ ਅੜੇ ਬੈਠੇ ਹੋ ਕੀ ਇਹ ਨਹੀਂ ਕਰਨਾ, ਓਹ ਨਹੀਂ ਕਰਨਾ ! ਤੁਹਾਡੇ ਵੀ ਹੁਣ ਬਹੁਤ ਸਾਰੇ ਫਿਰਕੇ ਬਣ ਚੁੱਕੇ ਹਨ ਤੇ ਸਭਨਾਂ ਦੇ ਆਪਣੇ ਆਪਣੇ ਵਿਸ਼ਵਾਸ ਹਨ ! ਇੱਕ ਗੁਰੂ ਦੇ ਸਿਧਾਂਤ ਤੋ ਬਹੁਤ ਦੂਰ ਆ ਚੁੱਕੇ ਹੋ ਤੁਸੀਂ ! (ਵਿਨੋਦ ਨੇ ਤੰਜ ਕਸਦਿਆਂ ਕਿਹਾ)

ਇਨ੍ਹਾਂ ਕਲਾਕਾਰੀਆਂ ਕਰਕੇ ਅੱਜ ਕੋਈ ਗੁਰੂ ਨਾਨਕ ਦਾ ਹੀ ਸਿੱਖ ਰਹਿਣਾ ਪਸੰਦ ਕਰਦਾ ਹੈ ਤੇ ਕੋਈ ਗੁਰੂ ਰਾਮਦਾਸ ਦੇ ਘਰ ਤੋਂ ਬਾਹਰ ਆਉਣਾ ਨਹੀਂ ਚਾਹੁੰਦਾ ਤੇ ਕਿਸੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਘਰ ਤੋ ਅਲਾਵਾ ਕੋਈ ਘਰ ਦਿਸਦਾ ਨਹੀਂ ਤੇ ਕੋਈ ਗੁਰੂ ਤੇਗਬਹਾਦਰ ਤੋਂ ਅਲਾਵਾ ਕਿਸੀ ਪਾਸੇ ਮੁੰਹ ਨਹੀਂ ਕਰਦਾ ਤੇ ਅਖੀਰ ਗੁਰੂ ਗੋਬਿੰਦ ਸਿੰਘ ਦੇ ਅਸਥਾਨਾਂ ਤੋ ਬਗੈਰ ਸ਼ਾਂਤੀ ਨਾ ਮਿਲਣ ਵਾਲੇ ਅਨੇਕਾਂ ਹਨ ! ਅਨਮਤੀ ਧਰਮ ਵਾਂਗ ਆਪਣੇ ਫਾਇਦੇ ਲਈ ਬਹੁਤ ਸਾਰੇ ਸਿੱਖਾਂ ਨੇ ਆਪਣੇ ਗੁਰੂਆਂ ਨੂੰ ਵੀ ਪਦਾਰਥਾਂ ਦੇਣ ਵਾਲਾ ਦੇਵਤਾ ਬਣਾ ਲਿਆ ਹੈ ! ਪਰ ਕੀ ਵਾਕਈ ਹੀ ਗੁਰੂ ਇਹੀ ਸਿਖਿਆ ਦੇ ਰਹੇ ਹਨ ? ਪੜ੍ਹਨੀ ਬਾਣੀ ਸੀ .. ਜੁੜਨਾ ਸ਼ਬਦ ਨਾਲ ਸੀ ਪਰ ਸਾਨੂੰ ਮੂਰਤੀਆਂ ਜਾਂ ਫੋਟੂਆਂ ਤੋਂ ਹੀ ਫੁਰਸਤ ਨਹੀਂ, ਸ਼ਬਦ ਕਿਵੇਂ ਸਮਝਾਗੇ ਤੇ ਜੀਵਨ ਕਿਵੇਂ ਸਵਾਰਾਂਗੇ ? (ਰਣਜੀਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ)

ਫਿਰ ਤਾਂ ਹੁਣ ਸਿੱਖ ਵੀ ਸਹਿਜੇ ਸਹਿਜੇ ਆਪਣਾ ਰਾਹ ਛਡਦੇ ਜਾ ਰਹੇ ਹਨ ! ਹਾਥੀ ਕੇ ਪਾਂਵ ਮੇਂ ਸਭਕਾ ਪਾਂਵ ! (ਆਪਣੇ ਵੱਲ ਇਸ਼ਾਰੇ ਕਰਦੇ ਹੋਏ ਵਿਨੋਦ ਨੇ ਕਿਹਾ)

ਰਣਜੀਤ ਸਿੰਘ : ਮੈਂ ਤੇਰੀ ਗੱਲ ਸੁਣ ਕੇ ਮਨ ਵਿੱਚ ਗੁਰੂ ਸਾਹਿਬ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ "ਤਸਵੀਰ ਬਨਾਤਾ ਹੂੰ, ਤਸਵੀਰ ਨਹੀਂ ਬਨਤੀ" ! ਜਿਸ ਮਨ ਵਿੱਚ "ਸ਼ਬਦ ਦਾ ਟਿਕਾਓ" ਹੋ ਗਿਆ, ਉਸ ਮਨ ਵਿੱਚ ਕੋਈ ਦੁਨਿਆਵੀ ਤਸਵੀਰ ਬਣਾਉਣੀ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ ਹੈ ! ਮੈਨੂੰ ਦੁਨਿਆਵੀ ਪਦਾਰਥ ਦੇਣ ਵਾਲਾ ਕੋਈ ਦੇਵਤਾ ਨਹੀਂ ਬਲਕਿ "ਇਸ ਦੇਹਿ ਰੂਪੀ ਘੋੜੀ ਨੂੰ ਸਾਧਨ ਵਾਲਾ ਸੁੰਦਰ ਸ਼ਬਦ ਗੁਰੂ ਚਾਹੀਦਾ ਹੈ ! ਪਦਾਰਥ ਲਈ ਤਾਂ ਮੈ ਗੁਰੂ ਦੀ ਬਖ਼ਸ਼ੀ ਕਿਰਤ ਕਰਦਾ ਹੀ ਹਾਂ !