ਸਿੱਖ ਮਸਲਿਆਂ ਦਾ ਮਹਾਨ ਕੋਸ਼ - ਕਿਸ਼ਤ 1
ਪੰਥਕ ਮੁੱਦੇ ਵੱਡੇ ਸਮੇਂ ਤੋਂ ਲਟਕਦੇ ਆ ਰਹੇ ਹਨ ... ਸਾਨੂੰ ਚਾਹੀਦਾ ਹੈ ਕਿ ਇੱਕ ਇੱਕ ਕਰਕੇ ਇਨ੍ਹਾਂ ਮੁੱਦਿਆਂ ਦੇ ਪਿੱਛੇ ਪੈ ਕੇ ਇਨ੍ਹਾਂ ਨੂੰ ਖਤਮ ਕਰਵਾਈਏ .... ਤੇ ਦੂਜੇ ਬਾਰੇ ਤੱਦ ਤੱਕ ਨਾ ਗੱਲ ਕਰੀਏ ਜੱਦ ਤਕ ਪਹਿਲੇ ਮੁੱਦੇ ਬਾਰੇ ਪੰਥਕ ਤੌਰ ਤੇ ਇੱਕ ਮਤ ਨਾ ਬਣ ਜਾਵੇ ! ਉਸ ਮੁੱਦੇ ਉੱਤੇ ਖੁੱਲੀ ਵਿਚਾਰ ਹੋਵੇ ਤੇ ਉਸ ਵਿਚਾਰ ਦੀ ਬਕਾਈਦਾ ਵੀਡੀਓ ਬਨਵਾਈ ਜਾਵੇ ਤਾਂਕਿ ਬਾਅਦ ਵਿੱਚ ਕੋਈ ਵੀ ਉਸ ਤੋਂ ਮੁਕਰ ਨਾ ਸਕੇ ਤੇ ਫਿਰ ਅੰਤਿਮ ਫੈਸਲਾ ਜੋ ਵੀ ਹੋਵੇ ਓਹ ਪੰਥਕ ਤੌਰ ਤੇ ਕਬੂਲ ਕਰ ਲਿਆ ਜਾਵੇ ! ਪੁਰਾਣਾ ਇਤਿਹਾਸ ਜਾਂ ਤਾਂ ਨਦਿਆਂ ਵਿੱਚ ਰੁੜ੍ਹ ਗਿਆ ਜਾਂ ਕਾਰਸੇਵਾ ਦੇ ਨਾਮ ਤੇ ਤੋੜ-ਫੋੜ ਦਿੱਤਾ ਗਿਆ, ਇਸ ਕਰਕੇ ਆਉਣ ਵਾਲੀ ਪੀੜੀਆਂ ਨੂੰ ਅਸੀਂ ਕੁਝ ਵੀ ਨਹੀ ਦੇ ਪਾਵਾਂਗੇ ! ਘੱਟੋ ਘੱਟ ਕੋਸ਼ਿਸ਼ ਕਰੀਏ ਕੀ ਇਹ ਪੰਥਕ ਮਸਲੇ ਤਾਂ ਅਗਲੀ ਪੀੜੀ ਤਕ ਅਪੜਨ ਤੇ ਆਉਣ ਵਾਲੇ ਕੁਝ ਸਮੇਂ ਵਿੱਚ ਇਨ੍ਹਾਂ ਦੇ ਹਲ ਕਰਕੇ ਕੌਮ ਦਾ ਭਵਿਸ਼ "ਇੱਕ ਗ੍ਰੰਥ ਤੇ ਇੱਕ ਪੰਥ" ਵੱਲ ਲੈ ਜਾਈਏ !
ਸਭ ਤੋ ਪਹਿਲਾ ਮਸਲਾ ਸਾਡੇ ਮੂਲ (ਮੁਢ) ਵਿੱਚ ਹੀ ਪਾ ਦਿੱਤਾ ਗਿਆ ਹੈ ... ਕਿ "ਮੂਲ ਮੰਤਰ (ਮੰਗਲਾਚਰਣ) ਕਿਥੋਂ ਤੱਕ ਹੈ" ?
ਇੱਕ ਵਿਚਾਰ ਸਿੱਖ ਰਹਿਤ ਮਰਿਆਦਾ ਦਸਦੀ ਹੈ ਕੀ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀਸੈਭੰ ਗੁਰ ਪ੍ਰਸਾਦਿ॥"
ਦੂਜਾ ਵਿਚਾਰ ਨਿਰਮਲੇ ਅੱਤੇ ਸੰਤ ਬਿਰਾਦਰੀ ਦਸਦੀ ਹੈ ਕੀ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀਸੈਭੰ ਗੁਰ ਪ੍ਰਸਾਦਿ॥ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥"
ਇਤਨੇ ਸਿਆਣੇ ਵਿਦਵਾਨਾਂ ਅੱਤੇ ਸੰਤਾਂ-ਮਹਾਪੁਰਖਾਂ ਦੇ ਹੁੰਦੇ ਹੋਏ ਵੀ ਪਿਛਲੇ 100 ਤੋਂ ਵੱਧ ਸਾਲਾਂ ਤੋ ਇਸ ਬਾਬਤ ਇੱਕ ਪੱਕਾ ਵਿਚਾਰ ਨਹੀ ਬਣਾਇਆ ਗਿਆ ਤੇ ਪੰਥਕ ਫੁੱਟ ਵਿੱਚ ਇਹ ਮੁਦ੍ਦਾ ਇੱਕ ਰੋੜੇ ਵਾਂਗ ਕਾਬਜ਼ ਹੈ, ਜਿਸ ਕਰਕੇ ਸ਼ਰਧਾਵਾਨ ਕਹਾਉਣ ਵਾਲੇ ਅੱਤੇ ਤਰਕਸ਼ੀਲ ਕਹਾਉਣ ਵਾਲੇ ਸਿੱਖਾਂ ਵਿੱਚਕਾਰ ਫਾਸਲਾ ਵਧਦਾ ਜਾ ਰਿਹਾ ਹੈ !
ਇਸ ਬਾਬਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸਖਤੀ ਨਾਲ "ਸਿਖ ਰਹਿਤ ਮਰਿਆਦਾ" ਦੀ ਪਾਲਣਾ ਕਰਵਾਉਣੀ ਜਰੂਰੀ ਨਹੀ ਸਮਝੀ ਗਈ, ਜਿਸ ਵਿੱਚ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀਸੈਭੰ ਗੁਰ ਪ੍ਰਸਾਦਿ॥" ਦਰਜ ਕੀਤਾ ਗਿਆ ਹੈ ! ਜਦੋਂ ਕੀ ਜੱਥੇਦਾਰ ਜੀ ਇਨ੍ਹਾਂ ਸੰਤਾਂ ਮਹਾਪੁਰਖਾਂ ਦੇ ਸੱਦੇ ਤੇ ਅਕਸਰ ਉਨ੍ਹਾਂ ਦੇ ਡੇਰੇ ਤੇ ਹਾਜ਼ਿਰੀ ਲਗਾਉਂਦੇ ਹਨ ! ਆਮ ਸਿੱਖ ਅੱਜ ਇਸ ਬਾਰੇ ਇੱਕ ਫੈਸਲਾ ਮੰਗਦਾ ਹੈ ਤੇ ਦਵੈਤ ਤੋ ਛੁੱਟਕਾਰਾ ਚਾਹੁੰਦਾ ਹੈ !
(ਸਿੱਖ ਮਸਲਿਆਂ ਦਾ ਮਹਾਨ ਕੋਸ਼ -- ਲਿੱਖੀ ਜਾ ਰਹੀ ਕਿਤਾਬ ਦੇ ਬਿਨਾ ਸੋਧੇ ਖਰੜੇ ਵਿੱਚੋਂ)