ਗੋਲਡ ਬਲੈਸ ਯੂ ! (ਨਿੱਕੀ ਕਹਾਣੀ)
ਵਿਕਟਰ ਪਹਿਲੀ ਵਾਰ ਭਾਰਤ ਆਇਆ ਤਾਂ ਮਨਜੀਤ ਸਿੰਘ ਨੇ ਉਸਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਉਸਦੀ ਜਾਣਕਾਰੀ ਲਈ ਸਾਰੇ ਇਤਿਹਾਸਿਕ ਗੁਰੂਦੁਆਰਾ ਸਾਹਿਬਾਨ ਦੇ ਦਰਸ਼ਨ ਦਾ ਪ੍ਰੋਗ੍ਰਾਮ ਉਲੀਕਿਆ !
ਜਦੋਂ ਵਾਪਿਸ ਜਾਣ ਦਾ ਵੇਲਾ ਆਇਆ ਤਾਂ ਏਅਰਪੋਰਟ ਤੇ ਵਿਦਾਈ ਦੀ ਮਿਲਣੀ ਵੇਲੇ ਵਿਕਟਰ ਦੇ ਮੂੰਹੋਂ ਸਹਿਜ ਸੁਭਾਏ ਨਿਕਲਿਆ "GOLD BLESS YOU !"
ਮਨਜੀਤ ਸਿੰਘ : ਵਿਕਟਰ ਵੀਰੇ ! "GOD BLESS YOU !" ਤਾਂ ਸੁਣਿਆ ਹੈ ਇਹ "GOLD BLESS YOU !" ਦਾ ਕੀ ਰਾਜ਼ ਹੈ ! ਮੈਨੂੰ ਪਤਾ ਹੈ ਕਿ ਤੂੰ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਹੈ ਤੇ ਕੋਈ ਵੀ ਗੱਲ ਐਵੇਂ ਹੀ ਨਹੀਂ ਕਰਦਾ !
ਵਿਕਟਰ (ਬੋਲਿਆ ਇੰਗਲਿਸ਼ ਵਿੱਚ, ਐਥੇ ਤਰਜਮਾਂ ਪੰਜਾਬੀ ਵਿੱਚ) : ਮੈਂ ਤੁਹਾਡੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ! ਗੁੰਬਦ ਸੋਨੇ ਦੇ, ਗੁੰਮਬੰਦੀਆਂ ਸੋਨੇ ਦੀਆਂ, ਅੰਦਰ ਦੀਵਾਰਾਂ ਤੇ ਸੋਨਾ, ਪਾਲਕੀਆਂ ਸੋਨੇ ਦੀਆਂ - ਹਰ ਪਾਸੇ ਸੋਨਾ ਹੀ ਸੋਨਾ ! ਧਰਮ ਅਸਥਾਨਾਂ ਨੂੰ ਸਾਦਾ ਅਤੇ ਗਿਆਨ ਦਾ ਸੋਮਾਂ ਹੋਣਾ ਚਾਹੀਦਾ ਹੈ ! ਤੁਸੀਂ ਤਾਂ ਆਪਣੇ ਧਰਮ ਅਸਥਾਨਾਂ ਨੂੰ ਸੋਨੇ ਅਤੇ ਸੰਗਮਰਮਰ ਨਾਲ ਢੱਕ ਦਿੱਤਾ ਹੈ !
GOD ਨੂੰ ਸੋਨੇ ਨਾਲ ਪਿਆਰ ਨਹੀਂ, ਭਾਵਨਾ ਨਾਲ ਪਿਆਰ ਹੈ ! ਪਦਾਰਥਵਾਦੀ ਮਨੁੱਖ ਨੂੰ GOLD ਨਾਲ ਪਿਆਰ ਹੈ ! ਤਾਂ ਫਿਰ "GOLD BLESS YOU ਨਾ ਕਹਾਂ ਤੇ ਕੀ ਕਹਾਂ ? ਤੁਹਾਨੂੰ ਕੌਮ ਨੂੰ ਪੜਾਈ, ਸਿਹਤ ਦਾ ਕੋਈ ਧਿਆਨ ਨਹੀਂ, ਜਾਂ ਫਿਰ ਤੁਹਾਡੇ ਲੀਡਰ ਹੀ ਨਹੀਂ ਚਾਹੁੰਦੇ ਕੀ ਤੁਸੀਂ ਪੜ੍ਹ-ਲਿੱਖ ਕੇ ਸਿਆਣੇ ਬਣੇ ! ਕਿਓਂਕਿ ਤੁਹਾਡੇ ਪੜਨ-ਲਿਖਣ ਨਾਲ ਉਨ੍ਹਾਂ ਦੀ ਦੁਕਾਨਦਾਰੀ ਤੇ ਚੋਟ ਵੱਜਦੀ ਹੈ ! ਪਦਾਰਥਾਂ ਨਾਲ ਸੰਗਤਾਂ ਨੂੰ ਜੋੜਨ ਵਾਲੀ ਕਮੇਟੀਆਂ ਦੇ ਵੀ ਦਰਗਾਹ ਮੁੱਖ ਕਾਲੇ ਹੋਣਗੇ ! ਗਿਆਨ ਦੇ ਨਾਲ ਸੋਨਾ ਹੁੰਦਾ ਤਾਂ ਕੋਈ ਫ਼ਰਕ ਨਹੀਂ ਸੀ ਪੈਣਾ ਪਰ ਬਿਨਾ ਆਤਮਿਕ ਗਿਆਨ ਦੇ ਪਦਾਰਥਾਂ ਦਾ ਵਰਤਾਰਾ ਕੇਵਲ ਅਲਾਮਤਾਂ ਨੂੰ ਬੁਲਾਉਣਾ ਹੈ ਤੇ ਪਰਮਾਤਮਾਂ ਤੋ ਦੂਰੀ ਦਾ ਲਖਾਇਕ !
ਮਨਜੀਤ ਸਿੰਘ ਨੂੰ ਬਚਪਨ ਵਿੱਚ ਰੇਡੀਓ ਤੇ ਸੁਣਿਆ ਇੱਕ ਵਿਗਿਆਪਨ ਯਾਦ ਆ ਗਿਆ - ਨਾਮ ਕਿਆ ਹੈ ? ਸੋਹਨ ਲਾਲ ! ਰਹਤੇ ਕਹਾਂ ਹੋ ? ਸੋਨੀਪਤ ਮੇਂ ! ਖਾਤੇ ਕਿਆ ਹੋ ? ਸੋਹਣ ਹਲਵਾ ! ਪਹਨਤੇ ਕਿਆ ਹੋ ? ਸੋਨਾ ਹਵਾਈ ਚੱਪਲ ! ਅਰੇ ਵਾਹ ! ਸੋਨਾ-ਹੀ-ਸੋਨਾ ? ਸੋਨਾ ਹਵਾਈ ਚੱਪਲ ! ਮਨਜੀਤ ਸਿੰਘ ਨੂੰ ਮਹਿਸੂਸ ਹੋਇਆ ਜਿਵੇਂ ਵਿਕਟਰ ਨੇ ਸੋਨਾ ਹਵਾਈ ਚੱਪਲ ਹੀ ਉਸਦੇ ਮੁੰਹ ਤੇ ਮਾਰ ਦਿੱਤੀ ਹੈ ! ਉਸਦਾ ਹੱਥ ਸਹਿਜ ਸੁਭਾਏ ਆਪਣੇ ਮੁੰਹ ਤੇ ਚਲਾ ਗਿਆ !