ਜਦੋਂ ਮੀਡਿਆ ਬਣੇ ਧਿਰ ! (ਨਿੱਕੀ ਕਹਾਣੀ)
ਮੀਡਿਆ (ਅਖਬਾਰ, ਖਬਰੀ ਆਨਲਾਈਨ ਅਤੇ ਆਫ਼ਲਾਈਨ ਚੈਨਲ ਆਦਿ) ਅੱਜ ਆਪਣਾ ਰੋਲ ਨਿਭਾਉਣ ਤੋ ਅਸਮਰਥ ਨਜਰ ਆਉਂਦੇ ਹਨ ਤੇ ਜਿਆਦਾਤਰ ਤਾਂ ਇੱਕ ਪਾਸੜ ਖਬਰਾਂ ਹੀ ਵਿਖਾਉਂਦੇ ਤੇ ਪੜ੍ਹਾਉਂਦੇ ਹਨ ! ਕੀ ਇਹ ਸਹੀ ਰਾਹ ਹੈ ? (ਹਰਜੀਤ ਸਿੰਘ ਨੇ ਪੁਛਿਆ)
ਖੁਸ਼ਪ੍ਰੀਤ ਸਿੰਘ : ਰਾਸ਼ਟਰੀ ਮੀਡਿਆ ਦੀ ਕੀ ਗੱਲ ਕਰੀਏ ਓਹ ਤਾਂ ਆਪਣਾ ਨੰਗੇਜ਼ ਢਕਣ ਕੀ ਕੋਸ਼ਿਸ਼ ਕਰਦੀ ਹੈ ਪਰ ਵਿਖਦੀ ਨੰਗੀ ਦੀ ਨੰਗੀ ਹੀ ਹੈ ! ਪਰ ਅੱਜ ਸਾਡੇ ਆਪਣੇ ਪੰਥਕ ਅਖਵਾਉਂਦਾ ਮੀਡਿਆ ਵੀ ਇੱਕ ਪਾਸੜ ਸੋਚ ਨੂੰ ਥਾਪੜਾ ਦਿੰਦਾ ਹੋਇਆ ਆਪ ਧਿਰ ਬਣ ਕੇ ਬੈਠ ਗਿਆ ਹੈ ਤੇ ਆਪਣੀ ਆਪਣੀ ਸੋਚ ਨੂੰ ਹੀ ਸਹੀ ਆਖ ਦੂਜੇਆਂ ਨੂੰ ਪੰਥ ਧ੍ਰੋਹੀ ਆਖਦੇ ਨਹੀਂ ਥੱਕ ਰਿਹਾ !
ਹਰਜੀਤ ਸਿੰਘ : ਫਿਰ ਹੋਣਾ ਕੀ ਚਾਹੀਦਾ ਹੈ ?
ਖੁਸ਼ਪ੍ਰੀਤ ਸਿੰਘ : ਹੋਣਾ ਇਹ ਚਾਹੀਦਾ ਹੈ ਕਿ ਦੂਜੀ ਧਿਰ ਦੀ ਕਿਸੀ ਚੰਗੀ ਗੱਲ ਨੂੰ ਥਾਪੜਾ ਦਿਓ ਤੇ ਮਾੜੀ ਗੱਲ ਤੇ ਸਹੀ ਸ਼ਬਦਾਂ ਦੀ ਚੋਣ (ਅੱਤ ਜਰੂਰੀ ਹੈ, ਕਿਓਂਕਿ ਤੁਸੀਂ ਗੰਦੀ ਭਾਸ਼ਾ ਨਾਲ ਸਹੀ ਗੱਲ ਵੀ ਕਰੋਗੇ ਤਾਂ ਵੀ ਉਸਦਾ ਅਸਰ ਮਾੜਾ ਹੀ ਹੋਵੇਗਾ) ਕਰਕੇ ਆਪਣੀ ਗੱਲ ਰਖਣ ! ਮੀਡਿਆ ਨੂੰ ਚਾਹੀਦਾ ਹੈ ਕਿ ਆਪ ਧਿਰ ਬਣਨ ਤੋ ਗੁਰੇਜ਼ ਕਰਨ ਵਰਨਾ ਜੋ ਵੀ ਸਿਆਣਾ ਮਨੁੱਖ ਉਨ੍ਹਾਂ ਨੂੰ ਪੜ੍ਹਦਾ-ਵੇਖਦਾ ਹੈ, ਓਹ ਉਨ੍ਹਾਂ ਤੋ ਦੂਰੀ ਬਣਾਉਣੀ ਸ਼ੁਰੂ ਕਰ ਦੇਵੇਗਾ ਤੇ ਅਖੀਰ ਓਹ ਸਿਰਫ ਆਪਣੀ ਸੋਚ ਵਾਲੇ ਕੁਝ ਕੁ ਲੋਕਾਂ ਤਕ ਸੀਮਤ ਹੋ ਜਾਣਗੇ !
ਹਾਂ ! ਇਹ ਤਾਂ ਮੈ ਆਪ ਹੁੰਦਾ ਵੇਖ ਰਿਹਾ ਹਾਂ ! ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਇਹ ਉਲਟਾ ਉਸ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਉਸ ਬਾਰੇ ਭੰਡੀ ਪ੍ਰਚਾਰ ਵੀ ਕਰਦੇ ਵੇਖੇ ਹਨ ! ਅੱਖੇ "ਮਿੱਠਾ ਮਿੱਠਾ ਹੜਪ 'ਤੇ ਕੌੜਾ ਕੌੜਾ ਥੂ ਥੂ' ! ਇਹ ਮੀਡਿਆ ਦਾ ਕੰਮ ਨਹੀਂ ! ਨਿਰਪੱਖ ਰਹੋ ... ਨਿਧੜਕ ਰਹੋ ਪਰ ਕਿਸੀ ਦੇ ਵੀ ਹੱਥ-ਠੋਕੇ ਨਾ ਰਹੋ !