ਕਿਰਤੀ ਸੇਵਾਦਾਰ ! (ਨਿੱਕੀ ਕਹਾਣੀ)
ਲੱਕੜ ਦੇ ਤਿੰਨ ਹਜ਼ਾਰ ! ਪਲਾਈ ਦੇ ਇੱਕ ਹਜ਼ਾਰ ! ਕਿੱਲਾਂ, ਫੇਵੀਕੋਲ ਆਦਿ ਦੇ ਢਾਈ ਸੌ ! ਮੇਰੀ ਮਿਹਨਤ ਦੇ ਦੇ ਦੇਣਾ ਅਠਾਰਾਂ ਸੌ ! (ਕਾਰਪੇਂਟਰ ਅਮਨ ਸਿੰਘ ਨੇ ਦਸਿਆ)
ਸਰਬਜੀਤ ਸਿੰਘ : ਡਿਸਕਾਉੰਟ ਦੱਸੋ ! (ਇਸ ਦੌਰਾਨ ਉਸਦਾ ਮਿੱਤਰ ਰਣਜੀਤ ਸਿੰਘ ਕਮਰੇ ਵਿੱਚ ਮਿਲਣ ਆਉਂਦਾ ਹੈ ਤੇ ਕਾਰਪੇਂਟਰ ਨੂੰ ਵੇਖ ਕੇ ਪਛਾਣ ਜਾਂਦਾ ਹੈ)
ਰਣਜੀਤ ਸਿੰਘ : ਭਾਈ ਅਮਨ ਸਿੰਘ ਜੀ ਤੁਸੀਂ ਐਥੇ ਕਿਵੇਂ ?
ਅਮਨ ਸਿੰਘ ਦੇ ਜਵਾਬ ਦੇਣ ਤੋਂ ਪਹਿਲਾਂ ਸਰਬਜੀਤ ਸਿੰਘ ਪੁਛ ਲੈਂਦਾ ਹੈ ... ਤੂੰ ਕਿਵੇਂ ਜਾਣਦਾ ਹੈ ਇਨ੍ਹਾਂ ਨੂੰ, ਕਦੀ ਕੰਮ ਕਰਵਾਇਆ ਹੈ ਇਨ੍ਹਾਂ ਪਾਸੋਂ ?
ਰਣਜੀਤ ਸਿੰਘ (ਪਿਆਰ ਨਾਲ) : ਇਹ ਸਾਰੇ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਨ ! ਤੂੰ ਕਿਸ ਕੰਮ ਲਈ ਸਦਿਆ ਹੈ , ਕੋਈ ਅਰਦਾਸ ਪਾਠ ਕਰਵਾਉਣਾ ਹੈ ਕੀ ?
ਅਮਨ ਸਿੰਘ : ਸੇਵਾਦਾਰ ਦੀ ਡਿਉਟੀ ਕਰਦੇ ਹੋਏ ਇਤਨੀ ਮਾਇਆ ਨਹੀਂ ਮਿਲਦੀ ਕੀ ਗੁਜ਼ਾਰਾ ਚੰਗਾ ਹੋ ਸਕੇ ! ਭਾਵੇਂ ਮੈਨੂੰ ਗੁਰੂ ਦੀ ਚਾਕਰੀ ਕਰਨ ਵਿੱਚ ਅਨੰਦੁ ਮਿਲਦਾ ਹੈ ! ਪਰ ਨਾਲ ਨਾਲ ਆਪਨੇ ਬੱਚਿਆ ਦੇ ਚੰਗੇ ਭਵਿਖ ਲਈ ਮੈਂ ਇਹ ਕਾਰਪੇੰਟਰੀ ਕਾ ਕੰਮ ਵੀ ਕਰਦਾ ਹਾਂ ! ਸੰਗਤਾਂ ਅੱਗੇ ਹੱਥ ਫੈਲਾਉਣ ਤੋਂ ਚੰਗਾ ਹੈ ਨਾਲ ਨਾਲ ਕਿਰਤ ਵੀ ਕਰਨਾ ! ਇਸ ਨਾਲ ਸੇਵਾ ਵੇਲੇ ਸੰਗਤ ਪਾਸੋਂ ਕੁਝ ਮਿਲਣ ਦੀ ਕੋਈ ਆਸ ਵੀ ਨਹੀਂ ਰਹਿੰਦੀ ! ਰਹਿਣ ਨੂੰ ਥਾਂ ਮਿਲੀ ਹੋਈ ਹੈ ! ਪੜ੍ਹਾਈ ਲਿਖਾਈ ਘੱਟ ਹੋਣ ਕਰਕੇ ਵੱਡੀ ਨੌਕਰੀ ਕੋਈ ਮਿਲਦੀ ਨਹੀਂ ! ਅੱਗੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾ ਰਿਹਾ ਹਾਂ !
ਸਰਬਜੀਤ ਸਿੰਘ (ਪਿਆਰ ਨਾਲ) : ਬਹੁਤ ਚੰਗੀ ਸੋਚ ਹੈ ਵੀਰ ! ਤੁਸੀਂ ਕਲ ਤੋਂ ਹੀ ਕੰਮ ਸ਼ੁਰੂ ਕਰੋ ! ਜੋ ਮਾਇਆ ਤੁਸੀਂ ਮੰਗੀ ਹੈ ਓਹੀ ਦੇਵਾਂਗਾ !
ਚੰਗਾ ਜੀ ! ਮੈਂ ਕਲ ਤੋ ਕੰਮ ਸ਼ੁਰੂ ਕਰ ਦੇਵਾਂਗਾ !
ਰਣਜੀਤ ਸਿੰਘ ਅਤੇ ਸਰਬਜੀਤ ਸਿੰਘ ਸੋਚ ਰਹੇ ਸਨ ਕਿ ਕਾਸ਼ ਗੁਰੂ ਦਾ ਸੰਦੇਸ਼ ਕਿਰਤ ਕਰੋ - ਨਾਮ ਜਪੋ - ਵੰਡ ਛੱਕੋ ਸਾਰੇ ਸੇਵਾਦਾਰਾਂ, ਗ੍ਰੰਥੀਆਂ, ਪ੍ਰਚਾਰਕਾਂ, ਪ੍ਰਬੰਧਕਾਂ ਆਦਿ ਨੂੰ ਸਮਝ ਆ ਜਾਵੇ ਤਾ ਨਜ਼ਾਰਾ ਹੀ ਕੁਝ ਹੋਰ ਬਣ ਜਾਵੇ ! "ਧਰਮ ਨੂੰ ਕਿਰਤ" ਬਣਾਉਣ ਦੀ ਥਾਂ "ਧਰਮ ਦੀ ਕਿਰਤ" ਗੁਰੂ ਕਾ ਰਾਹ ਹੈ !