ਜਾਤ ਕਾ ਗਰਬ ! (ਨਿੱਕੀ ਕਹਾਣੀ)
ਸਤ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਰਣਜੋਧ ਸਿੰਘ ਕਪੂਰ !
ਪਰਵਿੰਦਰ ਸਿੰਘ : ਤੁਹਾਨੂੰ ਪਤਾ ਨਹੀ ਕੀ ਆਪਣੇ ਨਾਮ ਪਿੱਛੇ ਜਾਤ ਲਗਾਉਣਾ ਮਨਮਤ ਹੈ ! ਜੋ ਸਿੱਖ ਹੈ ਉਸਦੀ ਕੋਈ ਜਾਤ ਨਹੀ ਹੁੰਦੀ !
ਰਣਜੋਧ ਸਿੰਘ : ਤੁਹਾਡਾ ਨਾਮ ਕੀ ਹੈ ਵੀਰ ਜੀ ?
ਪਰਵਿੰਦਰ ਸਿੰਘ ਕੈਲਾਂ (ਜਵਾਬ ਆਇਆ)
ਰਣਜੋਧ ਸਿੰਘ : ਇਹ “ਕੈਲਾਂ” ਕੀ ਹੋਇਆ ?
ਪਰਵਿੰਦਰ ਸਿੰਘ : ਵੀਰ ਜੀ ਕੈਲਾਂ ਮੇਰੇ ਪਿੰਡ ਦਾ ਨਾਮ ਹੈ ਜਿਸ ਨਾਲ ਮੇਰੇ ਐਡਰੈਸ ਦਾ ਪਤਾ ਚਲਦਾ ਹੈ ਕਿ ਮੈਂ ਕੈਲਾਂ ਪਿੰਡ ਦਾ ਰਹਿਣ ਵਾਲਾ ਹਾਂ, ਇਹ ਮੇਰਾ ਸੌਕ ਨਹੀਂ ਹੈ !
ਰਣਜੋਧ ਸਿੰਘ : ਕੁਝ ਸਮੇਂ ਬਾਅਦ ਜਦੋਂ ਤੁਹਾਡੀਆਂ ਅਗਲੀ ਪੀੜੀਆਂ ਇਹ "ਕੈਲਾਂ" ਇਸਤੇਮਾਲ ਕਰਨਗੀਆਂ ਤਾਂ ਓਹ ਇਸਨੂੰ ਜਾਤ ਦੇ ਤੌਰ ਤੇ ਵਰਤਨਗਿਆਂ ! ਫਿਰ ਇਹ ਪਿੰਡ ਵਾਲੀ ਗੱਲ ਲਭ ਕੇ ਲਿਆਣੀ ਪਵੇਗੀ !
ਪਰਵਿੰਦਰ ਸਿੰਘ : ਇਸ ਤਰਾਂ ਕਦੇ ਵੀ ਨਹੀਂ ਹੋਇਆ ਤੇ ਨਾਂ ਹੀ ਕਦੇ ਹੋਵੇਗਾ ਸੋ ਆਉ ਆਣੀਆਂ ਗਲਤੀਆਂ ਨੂੰ ਸੁਧਾਰੀਏ ਸਗੋਂ ਪੜਦੇ ਨਾਂ ਪਾਈਏ, (ਗੁਰਮਿਤ ਦੁਆਰਾ ਪਕੇ ਪੈਰੀਂ ਹੋ ਕੇ) ਅੱਗੇ ਵਧੀਏ ! ਵੈਸੇ ਜੇ ਵਿਸ਼ਾ ਲੰਬਾ ਹੈ ਫਿਰ ਤਾਂ ਜਰੂਰ ਵਿਚਾਰਨਾਂ ਚਾਹਿਦਾ ਹੈ ਕਿਉਕਿ ਹੋ ਸਕਦਾ ਹੈ ਕਿ ਇਸ ਵਿਚ ਕਿਸੇ ਨੂੰ ਕੁਝ ਸਿਖਣ ਨੂੰ ਮਿਲੇ ! ਕੋਈ ਉਦਾਹਰਣ ਦੇਓ !
ਰਣਜੋਧ ਸਿੰਘ (ਹਸਦਾ ਹੋਇਆ) : ਜੱਸਾ ਸਿੰਘ ਰਾਮਗ੍ੜਿਆ ਜਾਂ ਜੱਸਾ ਸਿੰਘ ਆਹਲੂਵਾਲੀਆ ਬਾਰੇ ਸੁਣਿਆ ਹੈ ?
ਪਰਵਿੰਦਰ ਸਿੰਘ : ਹਾਂਜੀ ਇੱਕ ਰਾਮਗੜੀਆ ਮਿਸਲ ਦੇ ਮੁਖੀ ਸਨ ਤੇ ਦੂਜੇ ਆਹਲੂਵਾਲੀਆ ਮਿਸਲ ਦੇ ਮੁਖੀ !
ਰਣਜੋਧ ਸਿੰਘ : ਜੇਕਰ ਤੁਹਾਡੀ “ਕੈਲਾਂ ਪਿੰਡ” ਵਾਲੀ ਗੱਲ ਨੂੰ ਵੇਖੀਏ ਤੇ ਅੱਜ ਰਾਮਗੜੀਆ ਜਾਂ ਆਹਲੂਵਾਲੀਆ ਨਾਮ ਨਹੀ ਹੋਣੇ ਸੀ ! ਗੱਲ ਰਹੀ ਜਾਤ ਲਿਖਣ ਜਾਂ ਨਾ ਲਿਖਣ ਦੀ ਤਾਂ ਵੀਰ “ਜਾਤ ਦੀ ਹਉਮੈ” ਬੁਰੀ ਹੈ! ਆਪਣੀ ਕੁਲ, ਆਪਣੀ ਜਾਤ ਨੂੰ ਚੰਗਾ ਤੇ ਦੂਜੇ ਦੀ ਜਾਤ ਨੂੰ ਛੋਟਾ ਸਮਝਨਾ ਬੁਰਾ ਹੈ ਤੇ ਮਨਮਤ ਹੈ ! ਆਪਣੇ ਆਪ ਨੂੰ ਭੱਲਾ, ਸੋਢੀ, ਬੇਦੀ ਕੁਲ ਆਦਿ ਗੁਰੂ ਕੁਲ ਵਿਚੋਂ ਦਸ ਕੇ ਬਾਕੀਆ ਤੋਂ ਉੱਚਾ ਦਸਣਾ ਮਨਮਤ ਹੈ ! ਜੱਟ-ਭਾਪਾ ਦਾ ਵਖਰਾਵਾਂ ਪਾਉਣਾ ਮਨਮਤ ਹੈ ! ਜਾਤ-ਕੁਲ ਲਿਖਣ ਦਾ ਸੰਬੰਧ ਜਿਵੇਂ ਆਪ ਜੀ ਨੇ ਦੱਸਿਆ ਕੀ ਮੇਰੇ ਪਿੰਡ ਦਾ ਨਾਮ ਹੈ ਤੇ ਬਹੁਤ ਸਾਰੇ ਇਸ ਤਰਾਂ ਦੇ ਨਾਮ ਸ਼ੁਰੂ ਹੋਏ ਹੋਵਣਗੇ ਪਰ ਸਾਡੀ ਜਾਣਕਾਰੀ ਛੋਟੀ ਹੈ !
ਪਰਵਿੰਦਰ ਸਿੰਘ : ਤੁਹਾਡੀ ਗੱਲ ਤੋਂ ਸੇਧ ਮਿਲਦੀ ਹੈ ਤੇ ਗੱਲ ਸਮਝ ਵੀ ਆਉਂਦੀ ਹੈ ਕੀ “ਜਾਤ ਦੀ ਵਰਤੋਂ ਬੁਰੀ ਨਹੀ” ਬਲਕੀ “ਜਾਤ ਦਾ ਹੰਕਾਰ ਬੁਰਾ ਹੈ” ! ਖੁਦ ਦੀ ਜਾਤ ਨੂੰ ਧੀਰਘ ਸਮਝਣਾ ਤੇ ਦੂਜੇ ਦੀ ਨੂੰ ਲੱਗ-ਮਾਤ ਬੁਰਾ ਹੈ ! ਰੱਬ ਦੀ ਕੋਈ ਜਾਤ ਨਹੀ ਤੇ ਇਹ ਸਾਰੇ ਨਾਮ, ਤੇ ਸਾਰੀਆਂ ਜਾਤਾਂ ਮਨੁਖ ਦੀਆਂ ਕਾਢਾਂ ਹਨ ਆਪਣੀ ਹੋਂਦ ਅਤੇ ਪਹਿਚਾਣ ਦੱਸਣ ਲਈ ਤੇ ਇਸ ਨੂੰ ਇਸ ਤੋਂ ਵੱਧ ਸਮਝਨਾ ਮੂਰਖਤਾ ਹੈ ! ਇਸਦਾ ਧਰਮ ਨਾਲ ਕੋਈ ਸੰਬੰਧ ਨਹੀ ! ਚਾਕੂ ਬੁਰਾ ਨਹੀ, ਉਸਦਾ ਇਸਤੇਮਾਲ ਸਹੀ ਗਲਤ ਹੋ ਸਕਦਾ ਹੈ! ਖੂਨੀ ਪੇਟ ਵਿਚ ਮਾਰੋ ਤੇ ਮੌਤ ਮਿਲਦੀ ਹੈ ਪਰ ਕੋਈ ਸਰਜਨ ਪੇਟ ਵਿਚ ਚੀਰਾ ਮਾਰੇ ਤੇ ਜਿੰਦਗੀ ਦਿੰਦਾ ਹੈ ! ਜਾਤ ਦਾ ਹੰਕਾਰ ਆਤਮਿਕ ਮੌਤ ਦਿੰਦਾ ਹੈ !
ਰਣਜੋਧ ਸਿੰਘ : ਆਓ ਵੀਰ ! ਰੁਕਿਏ ਨਾ, ਵਿਚਾਰਾਂ ਕਰਦੇ ਕਰਦੇ ਅੱਗੇ ਤੁਰੀਏ ! ਰੁਕਣਾ ਸਾਡਾ ਕੰਮ ਨਹੀ, ਚਲਣਾ ਸਾਡੀ ਸ਼ਾਨ !
Leave a Comment