ਸਿਆਸਤ ਦੀ ਚੋਪੜ ! (ਨਿੱਕੀ ਕਹਾਣੀ)
ਧਰਮ ਦੀ ਦਰੀ ਉੱਤੇ ਸਿਆਸਤ ਦੀ ਚੋਪੜ ਵਿਛ ਚੁੱਕੀ ਹੈ, ਪੰਥ ਨੂੰ ਕੌਣ ਸੇਧ ਦੇਵੇਗਾ ? (ਕੁਲਤਾਰ ਸਿਘ ਪੇਸ਼ਾਨੀ ਤੇ ਬਲ ਪਾਏ ਬੁੜਬੁੜਾ ਰਿਹਾ ਸੀ)
ਉਸਦਾ ਬੁੱਢਾ ਪਿਤਾ ਹਰਕੀਰਤ ਸਿੰਘ ਕੁਝ ਦਿਨਾਂ ਤੋਂ ਉਸਨੂੰ ਪਰੇਸ਼ਾਨ ਹਾਲਤ ਵਿੱਚ ਵੇਖ ਰਿਹਾ ਸੀ, ਜਦੋਂ ਰਹਿਆ ਨਹੀ ਗਿਆ ਤੇ ਆਖਿਰ ਉਸਨੇ ਕੁਲਤਾਰ ਨੂੰ ਪੁੱਛ ਹੀ ਲਿਆ ...
ਹਰਕੀਰਤ ਸਿੰਘ : ਕੀ ਗੱਲ ਹੈ ਪੁੱਤਰ ਜੀ ! ਕੁਝ ਦਿਨਾਂ ਤੋਂ ਬੜੇ ਹੀ ਪਰੇਸ਼ਾਨ ਲੱਗ ਰਹੇ ਹੋ ?
ਕੁਲਤਾਰ ਸਿੰਘ : ਪਿਤਾ ਜੀ, ਪੰਥ ਦੀ ਦਿਨੋਂਦਿਨ ਡੁੱਬ ਰਹੀ ਸਾਖ, ਆਪਸੀ ਭਰਾਮਾਰੂ ਲੜਾਈ ਅਤੇ ਪੰਥਕ ਧਾਰਾ ਤੋਂ ਬਾਹਰਲੀਆਂ ਧਿਰਾਂ ਵੱਲੋਂ ਨਿੱਤ ਨਵੇਂ ਵਿਵਾਦਾਂ ਨੂੰ ਹਵਾ ਦੇਣ ਦੀ ਕੋਝੀਆਂ ਚਾਲਾਂ ਨੇ ਪੰਥ ਦਰਦੀਆਂ ਦੇ ਹਿਰਦੇ ਛੇਦ ਦਿੱਤੇ ਹਨ! ਗੁਰੂ ਦੇ ਹੁਕਮ ਨਾਲੋ ਸਿਆਸੀਆਂ ਦੇ ਹੁਕਮਾਂ ਨੂੰ ਗੁਰਮਤ ਸਮਝਿਆ ਜਾਉਣ ਲੱਗਿਆ ਹੈ ! ਸਭ ਪਾਸੇ ਹਨੇਰਾ ਹੀ ਹਨੇਰਾ ! ਅਗਿਆਨ ਦੀ ਮਿੱਟੀ ਭਰੀ ਹਨੇਰੀ ਤੋਂ ਬਣੇ ਧੁੰਧਲੇ ਨੂੰ ਕੋਹਰਾ ਕਹ ਕੇ ਪਰਚਾਇਆ ਜਾ ਰਿਹਾ ਹੈ !
ਹਰਕੀਰਤ ਸਿੰਘ : ਪੁੱਤਰ ਜੀ, ਇਹ ਸਿੱਖਾਂ ਲਈ ਕੋਈ ਨਵਾਂ ਵਰਤਾਰਾ ਨਹੀ ਹੈ ਪੁਰਾਤਨ ਸਮੇਂ ਵਿੱਚ ਆਮ ਸਿਖ ਵੀ ਗੁਰੂ ਕਿਰਪਾ ਨਾਲ ਗੁਰਬਾਣੀ ਦੇ ਰਾਹ ਦਾ ਪਾਂਧੀ ਹੁੰਦਾ ਸੀ ਇਸ ਕਰਕੇ ਕੁਪ੍ਰਚਾਰ ਨੂੰ ਫੱਟ ਪਹਿਚਾਣ ਲਿਆ ਜਾਉਂਦਾ ਸੀ ਤੇ ਅਗਾਂਹ ਹੋ ਕੇ ਪੰਥਕ ਤੌਰ ਤੇ ਮਨਮਤ ਨੂੰ ਠੱਲ ਪਾਈ ਜਾਉਂਦੀ ਸੀ ! ਪਰ ਅੱਜ ਦੇ ਹਾਲਾਤ ਵਿੱਚ ਇੱਕ ਆਮ ਸਿਖ ਤੇ ਅਗਿਆਨ ਦੇ ਹਨੇਰੇ ਵਿੱਚ ਡੁੱਬਿਆ ਪਿਆ ਹੈ ਤੇ ਪੰਥ ਅੱਖਾਂ ਬੰਦ ਕਰਕੇ ਕੁਝ ਸਿਆਸੀਆਂ ਦੇ ਮਗਰ ਤੁਰ ਪਿਆ ਹੈ !
ਕੁਲਤਾਰ ਸਿੰਘ : ਪਰ ਪਿਤਾ ਜੀ, ਜੋ ਸੂਝਵਾਨ ਗੁਰਸਿਖ ਹਨ ਉਨ੍ਹਾਂ ਨੂੰ ਮੁੱਖ ਧਾਰਾ ਵਿਚੋਂ ਮੱਖੀ ਵਾਂਗ ਕਿਓਂ ਕਢ ਦਿੱਤਾ ਗਿਆ ਹੈ ? ਝੂਠ ਦੇ ਨਗਾਰ-ਖਾਨੇ ਵਿੱਚ ਤੂਤੀਆਂ ਵਾਂਗ ਉਨ੍ਹਾਂ ਦੀ ਅਵਾਜ਼ ਕਿਓਂ ਦਬਾ ਦਿੱਤੀ ਜਾ ਰਹੀ ਹੈ ? ਕਿਓਂ ਉਨ੍ਹਾਂ ਨੂੰ ਬਦਨਾਮ ਕਿੱਤਾ ਜਾ ਰਿਹਾ ਹੈ ? ਅੱਜ ਮੀਡਿਆ ਦਾ ਯੁਗ ਹੈ, ਜੇਕਰ ਸਿਆਸੀ ਇਤਨੇ ਹੀ ਗੁਰਮਤ ਦਾ ਪਰਚਾਰ ਕਰ ਰਹੇ ਨੇ ਤੇ ਕਿਓਂ ਨਹੀ ਇੱਕ ਵਾਰ ਟੀ.ਵੀ. ਸ਼ੋ ਰਾਹੀ ਪੰਥਕ ਮਸਲਿਆ ਤੇ ਆਹਮਣੇ-ਸਾਹਮਣੇ ਬੈਠ ਕੇ ਵਿਚਾਰਾਂ ਕਰਦੇ ? ਪਰ ਮੀਡਿਆ ਦੀ ਵਰਤੋਂ ਕੁ-ਪਰਚਾਰ ਲਈ ਤੇ ਹੋ ਰਹੀ ਹੈ ਪਰ ਸੁ-ਵਿਚਾਰ ਲਈ ਕਿਓਂ ਨਹੀ ? (ਰੋਣ ਲੱਗ ਜਾਉਂਦਾ ਹੈ)
ਹਰਕੀਰਤ ਸਿੰਘ (ਥਾਪੜਾ ਦਿੰਦਾ ਹੋਇਆ) : ਪੁੱਤਰ ਜੀ, ਤੁਸੀਂ ਆਪਣੀ ਸਚ ਰਾਹ ਤੇ ਚਲਦੇ ਰਹੋ, ਤੇ ਚੰਗੇ ਕਿਰਦਾਰ ਵਾਲੇ ਗੁਰਸਿਖ ਭੱਜੋ ਨਾ ਬਲਕਿ ਸਿਆਸਤ ਦੀ ਮੁੱਖ ਧਾਰਾ ਵਿੱਚ ਆਓ ਕਿਓਂਕਿ ਅੱਜ ਸਮੇਂ ਦੀ ਮੰਗ "ਹੋਛੀ ਸਿਆਸਤ" ਨਹੀ ਬਲਕਿ "ਹੋਰ ਅੱਛੀ" ਸਿਆਸਤ ਕਰਨਾ ਹੈ ! ਜੇਕਰ ਦੋ ਚੋਰ - ਦੋ ਡਾਕੂ ਆਪਣੀ ਗੰਦੀ ਸੋਚ ਨਾਲ ਇੱਕ ਹੋ ਸਕਦੇ ਹਨ ਤੇ ਗੈੰਗ ਬਣਾ ਸਕਦੇ ਹਨ ਤੇ ਫਿਰ ਕਿਓਂ ਨਹੀ ਇੱਕ ਚੰਗੀ ਸੋਚ ਵਾਲੇ ਆਪਣਾ ਥੋੜਾ ਜਿਹਾ ਹੰਕਾਰ ਮਾਰ ਕੇ ਇੱਕ "ਗੁਰਮਤੀ ਗੈੰਗ" ਬਣਾਉਂਦੇ ? ਵਖਰੀ ਵਖਰੀ ਲੱਕੜ ਨੂੰ ਤੋੜਨਾ ਸੌਖਾ ਹੈ ਤੇ ਇਹੀ ਕੰਮ ਕੀਤਾ ਜਾ ਰਿਹਾ ਹੈ ਕਿ ਤੁਹਾਡੀਆਂ ਵਰਗਿਆਂ ਗੁਰਮਤਿ ਭਰਪੂਰ ਲੱਕੜਾਂ ਇੱਕ ਨਾ ਹੋ ਜਾਉਣ ! ਹੁਣ ਇਹ ਲਕੜਾਂ ਉੱਤੇ ਹੈ ਕੀ ਵਖਰਾ ਵਖਰਾ ਜਲ ਕੇ ਖਤਮ ਹੋਣਾ ਹੈ ਜਾਂ ਕੱਠੇ ਹੋ ਕੇ ਇੱਕ ਜੰਗਲ ਦੀ ਅੱਗ ਵਾਂਗ ਫੈਲਣਾ ਹੈ !
ਕੁਲਤਾਰ ਸਿੰਘ ਇਹ ਵਿਚਾਰਾਂ ਸੁਣ ਕੇ ਇੱਕ ਨਵੇਂ ਜੋਸ਼ ਵਿੱਚ ਫੈਸਲਾ ਕਰਦਾ ਹੈ ਕੀ ਜੰਗਲ ਦੀ ਅੱਗ ਵਾਂਗ ਸਚ ਦੀ ਅਵਾਜ਼ ਨੂੰ ਫੈਲਾਣਾ ਹੈ (ਗੁਰਮਤਿ ਸੋਚ ਨਾਲ) ਕਿਓਂਕਿ ਸੁਣਿਆਂ ਹੈ ਕੀ ਜੰਗਲ ਦੀ ਅੱਗ ਇੱਕ ਨਵੇਂ ਜੀਵਨ ਨੂੰ ਜਨਮ ਦਿੰਦੀ ਹੈ !
Leave a Comment