ਮਾਇਆ ਭੇਟ ਕਿਓਂ ? (ਨਿੱਕੀ ਕਹਾਣੀ)
ਹਰਜੀਤ ਸਿੰਘ ਨੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜੇ ਹੋਕੇ ਮਨ ਹੀ ਮਨ ਫਤਿਹ ਗਜਾਈ ਤੇ ਮੱਥਾ ਟੇਕ ਕੇ ਸਤਕਾਰ ਨਾਲ ਸੰਗਤ ਵਿਚ ਜਾ ਕੇ ਬੈਠ ਗਿਆ ! ਇਹ ਵੇਖ ਕੇ ਖੁਸ਼੍ਪ੍ਰੀਤ ਕੌਰ ਦੇ ਮੰਨ ਵਿਚ ਇੱਕ ਸਵਾਲ ਨੇ ਜਨਮ ਲਿੱਤਾ ! ਥੋੜੀ ਦੇਰ ਬਾਅਦ ਜਦੋਂ ਹਰਜੀਤ ਸਿੰਘ ਕੀਰਤਨ ਸਰਵਣ ਕਰ ਕੇ ਬਾਹਰ ਨਿਕਲਿਆ ਤੇ ਪਿੱਛੋਂ ਉਸਨੂੰ ਆਵਾਜ਼ ਆਈ "ਵੀਰ ਜੀ !" ਉਸਨੇ ਮੁੜ ਕੇ ਵੇਖਿਆ ਤੇ ਖੁਸ਼੍ਪ੍ਰੀਤ ਉਸਨੂੰ ਬੁਲਾ ਰਹੀ ਸੀ !
ਹਰਜੀਤ : ਹਾਂਜੀ ਭੈਣ ਜੀ ! ਤੁਸੀਂ ਮੇਨੂੰ ਬੁਲਾਇਆ ?
ਖੁਸ਼੍ਪ੍ਰੀਤ : ਹਾਂਜੀ, ਵੀਰ ਜੀ ! ਮੈਂ ਆਪ ਜੀ ਪਾਸੋਂ ਇੱਕ ਪ੍ਰਸ਼ਨ ਪੂਛਨਾ ਚਾਹੁੰਦੀ ਹਾਂ !
ਹਰਜੀਤ : ਜੀ, ਪੁਛੋ ਜੀ !
ਖੁਸ਼੍ਪ੍ਰੀਤ : ਆਪ ਜੀ ਨੇ ਅੰਦਰ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਪਰ ਮਾਇਆ ਭੇਟ ਨਹੀ ਕਿੱਤੀ, ਤੁਸੀਂ ਦਿਖਣ ਵਿਚ ਤੇ ਬੜੇ ਹੀ ਅਮੀਰ ਲਗਦੇ ਹੋ ਪਰ ਮੈਂ ਹੈਰਾਨ ਹਾਂ ਕਿਓਂਕਿ ਮੈਂ ਤੇ ਸ਼ੁਰੂ ਤੋਂ ਹੀ ਵੇਖਦੀ-ਸੁਣਦੀ ਆ ਰਹੀ ਹਾਂ ਕੀ ਗੁਰੂ ਸਾਹਿਬ ਅੱਗੇ ਗੋਲਕ ਵਿਚ ਮਾਇਆ ਪਾ ਕੇ ਮੱਥਾ ਟੇਕਣਾ ਹੁੰਦਾ ਹੈ !
ਹਰਜੀਤ ਹੱਸ ਪਿਆ : ਭੈਣੇ ! ਜੋ ਆਪ ਜੀ ਵੇਖਦੇ ਹੋ ਇਹ ਵਰਤਾਰਾ ਗੁਰੂ ਸਾਹਿਬ ਦਾ ਪਾਇਆ ਹੋਇਆ ਨਹੀ ਹੈ ! ਮਨੁਖ ਅਕਸਰ ਹਰ ਚੀਜ਼ ਨੂੰ ਪੈਸੇ ਨਾਲ ਤੋਲਦਾ ਹੈ ! ਗੁਰੂ ਸਾਹਿਬ ਤੇ ਪਿਆਰ ਦੇ ਕਦਰਦਾਨ ਹਨ ਨਾ ਕੀ ਮਾਇਆ ਦੇ ! ਅਸਲ ਵਿਚ ਗੁਰੂ ਸਾਹਿਬ ਅੱਗੇ ਜੋ ਅਸੀਂ ਮੱਥਾ ਟੇਕਦੇ ਹਾਂ ਓਹ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕੀ ਅਸੀਂ ਆਪਣੀ "ਦੁਰਮਤ" ਨੂੰ ਰਖ ਕੇ "ਗੁਰਮਤ" ਮੰਗਣ ਆਏ ਹਾਂ ! ਭੇਂਟ ਤੇ ਅਸੀਂ "ਆਪਣੀ ਮੱਤ" ਕਰਦੇ ਹਾਂ ਤੇ ਅਰਦਾਸ ਵਿਚ "ਗੁਰੂ ਦੀ ਮੱਤ" ਮੰਗਦੇ ਹਾਂ !
ਖੁਸ਼੍ਪ੍ਰੀਤ : ਮਤਲਬ ਕੀ ਸਾਨੂੰ ਗੁਰੂ ਸਾਹਿਬ ਅੱਗੇ ਪੈਸੇ ਨਾਲ ਮਥਾ ਨਹੀ ਟੇਕਣਾ ਚਾਹੀਦਾ ?
ਹਰਜੀਤ : ਸਿੱਖ ਔਰ ਗੁਰੂ ਵਿਚਕਾਰ ਗੋਲਕ ਇੱਕ ਦੀਵਾਰ ਬਣ ਕੇ ਰਹ ਗਈ ਹੈ, ਅਮੀਰ ਗਰੀਬ ਵਿਚਕਾਰ ਦੇ ਫ਼ਰਕ ਨੂੰ ਪਠੇ ਪਾਉਂਦੀ ਹੈ ਗੋਲਕ ! ਗੋਲਕ ਸਾਹਮਣੇ ਨਾ ਹੋ ਕੇ ਪਿਛੇ ਜਾਂ ਗੁਰੂਦਵਾਰਾ ਸਾਹਿਬ ਦੇ ਹਾਲ ਤੋਂ ਬਾਹਰ ਹੋਣੀ ਚਾਹੀਦੀ ਹੈ ਕਿਓਂਕਿ ਗੁਰੂਦਵਾਰਾ ਸਾਹਿਬ ਦੇ ਹਰ ਕੰਮ ਲਈ ਲੋੜੀਂਦੀ ਮਾਇਆ ਦਾ ਵੱਡਾ ਹਿੱਸਾ ਸੰਗਤਾਂ ਦੀ ਭੇਟਾਂ ਵਿਚੋਂ ਹੀ ਆਉਂਦਾ ਹੈ ! ਪਰ ਮਾਇਆ ਅੱਗੇ ਤੇ ਗੁਰੂ ਪਿੱਛੇ ਕੁਛ ਜਚਦਾ ਨਹੀ ! "ਗੁਰੂ ਹਮੇਸ਼ਾ ਅੱਗੇ ਤੇ ਮਾਇਆ ਪਿੱਛੇ ਹੋਣੀ ਚਾਹੀਦੀ ਹੈ !" ਤੱਦ ਹੀ ਖੁੱਲੇ ਦਰਸ਼ਨ ਦੀਦਾਰੇ ਹੋਣਗੇ !
ਖੁਸ਼੍ਪ੍ਰੀਤ : ਮੈਂ ਤੇ ਅੱਜ ਤਕ "ਦੇਖਾ ਦੇਖੀ ਮਥਾ ਟੇਕਦੀ ਸੀ" ਪਰ ਆਪ ਜੀ ਨੇ ਮੈਨੂੰ ਵਿਚਾਰ ਕਰਨ ਦਾ ਰਾਹ ਵੀ ਵਿਖਾ ਦਿੱਤਾ ਹੈ, ਕੀ ਜਰੂਰੀ ਨਹੀ ਹੈ ਕੀ ਬਹੁਗਿਣਤੀ ਜੋ ਕਰ ਰਹੀ ਹੋਵੇ ਓਹ ਸਹੀ ਹੀ ਹੋਵੇ !
Leave a Comment