ਕਦੇ ਲੜ ਕੇ, ਕਦੇ ਹੱਸ ਕੇ ! (ਨਿੱਕੀ ਕਹਾਣੀ )
ਇੱਕ ਨੌਜਵਾਨ ਬਜ਼ੁਰਗ ਕੋਲ ਬੈਠਾ ਕਹਿਣ ਲੱਗਾ :
“ਬਾਬਾ ਜੀ, ਅੱਜਕੱਲ੍ਹ ਲੋਕ ਨਿੱਕੀ ਜਿਹੀ ਗੱਲ ’ਤੇ ਕਹਿ ਦਿੰਦੇ ਨੇ ਕਿ ‘ਬੱਸ! ਹੁਣ ਮੈਂ ਅੱਡ ਰਹਿਣਾ!’ ਜਾਂ ਫਿਰ ਰੁੱਸ ਕੇ ਬੈਠ ਜਾਂਦੇ ਹਨ!”
ਬਜ਼ੁਰਗ ਹੱਸ ਪਏ :
“ਪੁੱਤ, ਅੱਜਕੱਲ੍ਹ ਰਿਸ਼ਤੇ ਵੀ ਮੋਬਾਈਲ ਵਰਗੇ ਹੋ ਗਏ ਨੇ। ਜ਼ਰਾ ਜਿਹੀ ਦਿੱਕਤ ਆਈ ਨਹੀਂ ਕਿ ‘Factory Reset’!”
ਨੌਜਵਾਨ ਵੀ ਹੱਸ ਪਿਆ।
ਬਜ਼ੁਰਗ ਬੋਲੇ : “ਸਾਡੇ ਵੇਲੇ ਘਰ ਵਿੱਚ ਕਦੇ ਬਹਿਸ ਹੋ ਜਾਂਦੀ ਸੀ, ਕਦੇ ਗੁੱਸਾ ਆ ਜਾਂਦਾ ਸੀ, ਕਦੇ ਇੱਕ-ਦੂਜੇ ਨੂੰ ਦੋ ਗੱਲਾਂ ਵੀ ਸੁਣਾ ਦਿੰਦੇ ਸੀ…
ਪਰ ਸ਼ਾਮ ਨੂੰ ਫਿਰ ਇਕੱਠੇ ਬੈਠ ਕੇ ਰੋਟੀ ਖਾ ਲੈਂਦੇ ਸੀ।
ਹੁਣ ਤਾਂ ਪਹਿਲਾਂ ‘Sorry’,
ਫਿਰ ‘Thank You’,
ਫਿਰ ‘Take Care’…
ਤੇ ਅਗਲੇ ਦਿਨ ‘Seen at 11:42 PM’!”
ਨੌਜਵਾਨ ਨੇ ਪੁੱਛਿਆ : “ਫਿਰ ਬਾਬਾ ਜੀ, ਕੀ ਹਰ ਗੱਲ ਸਹਿ ਲੈਣੀ ਚਾਹੀਦੀ ਹੈ?”
ਬਜ਼ੁਰਗ ਗੰਭੀਰ ਹੋ ਕੇ ਬੋਲੇ : “ਨਹੀਂ ਪੁੱਤ। ਗਲਤ ਨੂੰ ਗਲਤ ਕਹਿਣਾ ਵੀ ਜ਼ਰੂਰੀ ਹੈ।
ਪਰ ਹਰ ਮਤਭੇਦ ਨੂੰ ਰਿਸ਼ਤਾ ਤੋੜਨ ਦਾ ਕਾਰਨ ਬਣਾ ਲੈਣਾ ਵੀ ਸਿਆਣਪ ਨਹੀਂ।
ਆਪਣੇ ਵੀ ਹਮੇਸ਼ਾ ਸਹੀ ਨਹੀਂ ਹੁੰਦੇ ਤੇ ਅਸੀਂ ਵੀ ਨਹੀਂ।
ਕਦੇ ਆਪਣਿਆਂ ਦੀ ਗੱਲ ਮੰਨ ਲਓ,
ਕਦੇ ਆਪਣੀ ਗੱਲ ਮਨਵਾ ਲਓ,
ਕਦੇ ਥੋੜ੍ਹਾ ਗੁੱਸਾ ਕਰ ਲਓ,
ਤੇ ਕਦੇ ਹੱਸ ਕੇ ਗੱਲ ਮੁਕਾ ਦਿਓ।”
ਫਿਰ ਬਜ਼ੁਰਗ ਨੇ ਮੁਸਕਰਾ ਕੇ ਕਿਹਾ :
“ਪੁੱਤ, ਅੱਜਕੱਲ੍ਹ ‘Sorry’ ਕਹਿਣਾ ਸੌਖਾ ਹੋ ਗਿਆ, ਪਰ ਆਪਣੀ ਗਲਤੀ ਮੰਨਣੀ ਔਖੀ ਹੋ ਗਈ।
‘Thank You’ ਕਹਿਣਾ ਸੌਖਾ ਹੋ ਗਿਆ, ਪਰ ਆਪਣਿਆਂ ਦੀ ਕਦਰ ਕਰਨੀ ਔਖੀ ਹੋ ਗਈ!”
Leave a Comment