ਹੇ ਮਕਰਾਨਾ ! (ਨਿੱਕੀ ਕਹਾਣੀ)

Share this story: WhatsApp X

ਇੱਕ ਸੱਜਣ ਆਪਣੇ ਮਿੱਤਰ ਨਾਲ ਗੱਲਾਂ ਕਰਦੇ ਹੋਏ ਕਹਿਣ ਲੱਗੇ :

“ਯਾਰ, ਜੇਕਰ ਦੂਰ-ਦੁਰਾਡੇ ਪੁਰਾਤਨ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਜਾਣਾ ਹੋਵੇ, ਪਰ ਉੱਥੇ ਜਾ ਕੇ ਪੁਰਾਤਨਤਾ ਦੀ ਥਾਂ ਮਕਰਾਨੇ ਦੇ ਸੰਗਮਰਮਰ ਦੇ ਹੀ ਦਰਸ਼ਨ ਕਰਨੇ ਹੋਣ, ਤਾਂ ਫਿਰ ਕਿਉਂ ਨਾ ਸਿੱਧਾ ਮਕਰਾਨੇ ਦੀਆਂ ਖਦਾਨਾਂ ਨੂੰ ਹੀ ਮੱਥਾ ਟੇਕ ਆਈਏ ? ਬਾਕੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਘਰ ਦੇ ਲਾਗੇ ਹੀ ਹਨ, ਤੇ ਸ਼ਬਦ-ਗੁਰੂ ਹਰ ਵੇਲੇ ਅੰਗ-ਸੰਗ ਹੈ।

ਮਿੱਤਰ ਨੇ ਪੁੱਛਿਆ : “ਫਿਰ ਤੂੰ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਨਹੀਂ ਜਾਣਾ?”

ਉਹ ਬੋਲਿਆ : “ਕਿਉਂ ਨਹੀਂ ਜਾਣਾ! ਜ਼ਰੂਰ ਜਾਣਾ ਹੈ।

ਪਰ ਜੇ ਉੱਥੇ ਜਾ ਕੇ ਸਾਡੀ ਸਾਰੀ ਗੱਲਬਾਤ ਇਹ ਹੋਵੇ ਕਿ
“ਕਿੰਨਾ ਸੋਹਣਾ ਸੰਗਮਰਮਰ ਲੱਗਿਆ…
ਕਿੰਨੀ ਮਹਿੰਗੀ ਅਤੇ ਲਿਸ਼ਕਦੀ ਇਮਾਰਤ ਬਣੀ…
ਕਿੰਨਾ ਸੋਹਣਾ ਸੰਗਮਰਮਰ ਦਾ ਫਰਸ਼ ਹੈ…
ਕਿੰਨੀ ਚਮਕਦੀ ਹੋਈ ਇਮਾਰਤ ਹੈ…”

ਤੇ ਜਿਸ ਗੁਰੂ ਦੀ ਯਾਦ ਵਿੱਚ ਉਹ ਅਸਥਾਨ ਬਣਿਆ, ਉਸ ਬਾਰੇ ਸੋਚਣ ਲਈ ਸਮਾਂ ਹੀ ਨਾ ਮਿਲੇ, ਤਾਂ ਫਿਰ ਦਰਸ਼ਨ ਕਿਸ ਦੇ ਕੀਤੇ?”

ਇਹ ਕਹਿ ਕੇ ਉਹਨੇ ਮੋਬਾਈਲ ਕੱਢਿਆ, ਯੂਟਿਊਬ ਖੋਲ੍ਹਿਆ ਤੇ
“ਹੇ ਮਕਾਰੀਨਾ…” ਗਾਣਾ ਲਾ ਦਿੱਤਾ।

ਫਿਰ ਉਸ ਦੀ ਧੁੰਨ ’ਤੇ ਝੂਮਦਾ ਹੋਇਆ ਬੋਲਿਆ :
“ਮਕਰਾਨੇ ਦਾ ਸੰਗਮਰਮਰ ਤਾਂ ਇੱਥੇ ਵੀ ਮਿਲ ਗਿਆ…
ਪਰ ਹੁਣ ਕੋਈ ਦੱਸੇ, ਇਸ ਵਿੱਚ ‘ਮਕਰਾਨਾ’ ਲੱਭੀਏ ਜਾਂ ‘ਗੁਰੂ’?”

ਮਿੱਤਰ ਹੱਸ ਪਿਆ।

ਉਹਨੇ ਮੋਬਾਈਲ ਇਕ ਪਾਸੇ ਰੱਖਿਆ ਤੇ ਕਿਹਾ :
“ਪੱਥਰ ਨਾਲ ਪਿਆਰ ਘਟਾ ਕੇ ਜੇਕਰ ਸ਼ਬਦ ਨਾਲ ਪਿਆਰ ਪਾਈਐ ਭਾਵ ਗੁਰੂ ਗਰੰਥ ਸਾਹਿਬ
ਨੂੰ ਪੜ੍ਹ ਸਮਝ ਕੇ ਵਾਹ ਕਹੀਏ ਤਾਂ ਇਹ ਸ਼ਰੀਰ ਹੀ ਇੱਕ ਗੁਰਦੁਆਰਾ ਬਣ ਜਾਵੇਗਾ !

ਤੇ ਫਿਰ ਦੋਵੇਂ ਚੁੱਪ ਹੋ ਗਏ…

ਸ਼ਾਇਦ ਮਕਰਾਨੇ ਦੀਆਂ ਖ਼ਦਾਨਾਂ ਵਿੱਚ ਅਜੇ ਬਹੁਤ ਪੱਥਰ ਬਾਕੀ ਹੋਣ,
ਪਰ ਇਨ੍ਹਾਂ ਦੋਹਾਂ ਦੇ ਸ਼ਬਦ ਮੁੱਕ ਗਏ ਸਨ!

Leave a Comment

Reader Comments