A space for stories that matter

Every life hides a powerful story

Short stories, poems & fearless ideas

Balvinder Singh Bison

ਡਬਲ ਢੋਲਕੀ ! (ਨਿੱਕੀ ਕਹਾਣੀ)

ਅਸੀਂ ਇੱਕ ਬਹੁਤ ਵੱਡਾ ਗੁਰਮਤ ਸਮਾਗਮ ਕਰ ਰਹੇ ਹਾਂ, ਆਪ ਨੇ ਜਰੂਰ ਹਾਜ਼ਿਰੀ ਭਰਨੀ ਹੈ! ("ਸਭ ਧਰਮਾਂ ਨੂੰ ਨਿਗਲ ਜਾਵਾਂਗੇ ਸੰਸਥਾਨ" ਦੇ ਇਲਾਕਾ ਪ੍ਰਭਾਰੀ ਨੇ ਲੋਕਲ ਗੁਰੂਦੁਆਰਾ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਨੂੰ ਸੱਦਾ ਦਿੰਦੇ ਹੋਏ ਦਸਿਆ)

ਰਣਜੀਤ ਸਿੰਘ (ਹੱਥ ਜੋੜਦੇ ਹੋਏ) : ਵੀਰ ਜੀ, ਮਾਫ਼ ਕਰਨਾ ਪਰ ਮੈਂ ਹਾਜ਼ਿਰੀ ਨਹੀਂ ਭਰ ਪਾਵਾਂਗਾ ! ਤੁਹਾਡੇ ਸੰਸਥਾਨ ਦੀਆਂ ਕਦਰਾਂ-ਕੀਮਤਾਂ ਗੁਰਮਤ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ !

ਸੰਸਥਾਨ ਪ੍ਰਭਾਰੀ : ਸਾਡੇ ਸੰਸਥਾਨ ਵਿੱਚ ਬਹੁਤ ਸਾਰੇ ਸਿੱਖ ਵੀ ਹਨ ਤੇ ਅਸੀਂ ਤਾਂ ਆਪਣੇ ਅੱਤੇ ਤੁਹਾਡੇ ਵਿੱਚ ਕੋਈ ਫ਼ਰਕ ਹੀ ਨਹੀਂ ਸਮਝਦੇ ! ਵੇਖ ਲੈਣਾ ਕੀ ਕਿਵੇਂ ਸਿਧਾਂਤ ਮੇਲ ਨਾ ਖਾਂਦੇ ਹੋਏ ਵੀ ਤੁਹਾਡੇ ਕੱਚੇ-ਪਿੱਲੇ ਆਗੂ ਕੱਚੇ ਧਾਗੇ ਨਾਲ ਬੰਨੇ ਹਾਜ਼ਰੀਆਂ ਭਰਨਗੇ ! ਵੈਸੇ ਤੁਹਾਡੀ ਗਿਆਤ ਲਈ ਵੱਡੀ ਕਮੇਟੀਆਂ ਦੇ ਵੱਡੇ ਅਹੁਦੇਦਾਰ ਵੀ ਆ ਰਹੇ ਹਨ !

ਰਣਜੀਤ ਸਿੰਘ : "ਸਿਆਸੀ ਅੱਤੇ ਧਾਰਮਿਕ ਡਬਲ ਢੋਲਕੀਆਂ" ਕਿਧਰੇ ਵੀ ਜਾ ਕੇ ਵੱਜ ਸਕਦੀਆਂ ਹਨ !

ਸੰਸਥਾਨ ਪ੍ਰਭਾਰੀ (ਹੈਰਾਨੀ ਨਾਲ) : ਡਬਲ ਢੋਲਕੀ ? ਮਤਲਬ ?

ਰਣਜੀਤ ਸਿੰਘ : ਜੋ ਸਿਆਸੀ ਅੱਤੇ ਧਾਰਮਿਕ ਆਗੂ ਵੋਟਾਂ ਅੱਤੇ ਨੋਟਾਂ ਕਰਕੇ ਸਿਆਸਤ ਜਾਂ ਧਰਮ-ਅਸਥਾਨਾਂ ਤੇ ਆਉਂਦੇ ਹਨ ਉਨ੍ਹਾਂ ਲਈ ਇਸ ਤਰਾਂ ਦੇ ਸਮਝੋਤੇ ਕਰਨੇ ਅਸਾਨ ਕੰਮ ਹੈ ! ਓਹ ਸਾਡੇ ਵੱਲ ਆਉਣਗੇ ਤਾਂ ਸਾਡੀਆਂ ਗੱਲਾਂ ਕਰਨਗੇ ਅੱਤੇ ਤੁਹਾਡੇ ਵੱਲ ਆਉਣਗੇ ਤਾਂ ਤੁਹਾਡੀਆਂ ਸਿਫਤਾਂ ਕਰਨਗੇ, ਤਾਂ ਫਿਰ ਹੋ ਗਏ ਨਾ "ਡਬਲ ਢੋਲਕੀ", ਦੋਵੇਂ ਪਾਸੇ ਹੀ ਇੱਕੋ ਜਿਹੀ ਦਿਸਦੀ ਹੈ ! ਤੁਸੀਂ ਵੀ ਆਪਣਾ ਘਰ ਛੱਡ ਕੇ ਸਾਡੇ ਘਰ ਵੱਲ ਜਿਆਦਾ ਹੀ ਧਿਆਨ ਦੇਣ ਲੱਗ ਪਏ ਹੋ ! ਆਪਣੀ ਰੋਟੀ ਛੱਡ ਕੇ ਲਾਲਚੀ ਜਾਨਵਰ ਵਾਂਗ ਦੂਜੀ ਰੋਟੀ ਨੂੰ ਵੀ ਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕੋਈ ਹੋਰ ਤੁਹਾਡੀ ਆਪਣੀ ਰੋਟੀ ਵੀ ਚੁੱਕ ਕੇ ਲੈ ਜਾਵੇਗਾ !

ਸੰਸਥਾਨ ਪ੍ਰਭਾਰੀ (ਕੁੜ੍ਹਦਾ ਹੋਇਆ) : ਤੁਹਾਨੂੰ ਤਾਂ ਬੁਲਾਵਾ ਦੇ ਕੇ ਹੀ ਮੈਂ ਸਿਆਪਾ ਗੱਲ ਪਾ ਲਿਆ ! ਮੈਨੂੰ ਰਿਪੋਰਟ ਮਿਲੀ ਸੀ ਕੀ ਤੁਸੀਂ ਵੀ ਸਾਡਾ ਪ੍ਰਭਾਵ ਕਬੂਲਦੇ ਹੋ !

ਹੋਰ ਪ੍ਰਭਾਰੀ ਜੀ ! ਇਥੇ ਕਿਵੇਂ ਖੜੇ ਹੋ ? ਸਵੇਰੇ ਸੰਸਥਾਨ ਤੋਂ ਫੋਨ ਆਇਆ ਸੀ ਕਿ ਤੁਸੀਂ ਕੋਈ ਸੱਦਾ ਦੇਣ ਆਉਣਾ ਹੈ ਪਰ ਤੁਸੀਂ ਇਥੇ ਰਣਜੀਤ ਸਿੰਘ ਸਨਮੁਖ ਜੀ ਨਾਲ ਖੜੇ ਹੋ ! (ਮੱਥਾ ਟੇਕਣ ਆਇਆ ਰਣਜੀਤ ਸਿੰਘ ਬੇਮੁਖ ਰੁੱਕ ਕੇ ਪ੍ਰਭਾਰੀ ਜੀ ਨੂੰ ਕਹਿਣ ਲੱਗਾ)

ਰਣਜੀਤ ਸਿੰਘ ਸਨਮੁਖ ? ਓਹ ! ਓਹ ! ਓਹ ! (ਮੱਥੇ ਤੇ ਹੱਥ ਮਾਰਦਾ ਹੈ) ! ਮੈਂ ਤਾਂ ਇਨ੍ਹਾਂ ਨੂੰ ਹੀ "ਰਣਜੀਤ ਸਿੰਘ ਬੇਮੁਖ ਸਮਝ ਕੇ ਆਪਣੇ ਸਿਰ ਸੁਆਹ ਪਵਾ ਰਹਿਆ ਸੀ ! ਆਓ ਤੁਸੀਂ ਇੱਕ ਪਾਸੇ! (ਹੱਥ ਫੜ ਕੇ ਇੱਕ ਪਾਸੇ ਵੱਲ ਲੈ ਜਾਂਦਾ ਹੈ)

ਰਣਜੀਤ ਸਿੰਘ (ਗੱਲ ਨੂੰ ਸਮਝਦਾ ਹੋਇਆ) : ਸਨਮੁਖ ਅੱਤੇ ਬੇਮੁਖ ਦੇ ਚੱਕਰ ਵਿੱਚ ਵਿਚਾਰਾ ਮੈਨੂੰ "ਡਬਲ ਢੋਲਕੀਆਂ" ਬਾਰੇ ਦਸ ਗਿਆ ! (ਘਰ ਵੱਲ ਨੂੰ ਚਲ ਪੈਂਦਾ ਹੈ)