A space for stories that matter

Every life hides a powerful story

Short stories, poems & fearless ideas

Balvinder Singh Bison

ਤਾਲੇ ਦੀ ਚਾਬੀ ! (ਨਿੱਕੀ ਕਹਾਣੀ)

ਵੀਰ ਜੀ ! ਮੇਰਾ ਇੱਕ ਕੰਮ ਅੜ ਗਿਆ ਹੈ, ਤੁਸੀਂ ਹੀ ਕੋਈ ਹਲ ਕਰੋ ! (ਮਨਜੀਤ ਸਿੰਘ ਪਰੇਸ਼ਾਨ ਦਿਸ ਰਿਹਾ ਸੀ)

ਹਰਜੀਤ ਸਿੰਘ (ਹਸਦੇ ਹੋਏ) : ਚਿੰਤਾ ਨਾ ਕਰ ! ਸਾਡੇ ਕੋਲ ਹਰ ਤਾਲੇ ਦੀ ਚਾਬੀ ਹੈ ! ਇਤਨਾ ਵੱਡਾ ਸਰਕਲ ਕਿਸ ਵਾਸਤੇ ਬਣਾ ਕੇ ਰਖਿਆ ਹੈ ? ਹੁਣੇ ਫੋਨ ਮਾਰਦਾ ਹਾਂ ਉਸ _____ (ਗ਼ਾਲ ਕਢਦਾ ਹੈ) ਚਾਬੀ ਨੂੰ, ਜੋ ਇਸ ਕੰਮ ਨੂੰ ਕਰਵਾ ਸਕਦੀ ਹੈ !

ਮਨਜੀਤ ਸਿੰਘ : ਜਿਸਨੇ ਕੰਮ ਕਰਵਾਣਾ ਹੈ, ਤੁਸੀਂ ਉਸਨੂੰ ਗ਼ਾਲ ਕਢ ਰਹੇ ਹੋ ? ਤੁਸੀਂ ਤੇ ਉਨ੍ਹਾਂ ਨੂੰ ਸਾਹਮਣੇ ਪੈਰੀ ਹੱਥ ਲਾ ਕੇ ਮਾਮਾ ਜੀ ਬੁਲਾਉਂਦੇ ਹੋ ?

ਹਰਜੀਤ ਸਿੰਘ (ਮੁਸਕਰਾ ਕੇ) : ਇਸੀ ਤਰਾਂ ਦੇ ਕੰਮਾਂ ਲਈ ਤਾਂ ਉਸ ਨੂੰ ਮਾਮਾ ਬਣਾ (ਰਿਸ਼ਤੇਦਾਰੀ ਗੰਢ ਕੇ) ਰਖਿਆ ਹੋਇਆ ਹੈ, ਵਰਨਾ ਉਸ _____ (ਫਿਰ ਗ਼ਾਲ ਕਢਦਾ ਹੈ) ਨੂੰ ਤਾਂ ਮੈ ਆਪਣੇ ਘਰ ਦਾ ਨੌਕਰ ਨਾ ਬਣਾਵਾ ! ਜਿਸ ਦਿਨ ਕੋਈ ਹੋਰ ਚੰਗੀ ਚਾਬੀ ਮਿਲ ਜਾਵੇਗੀ, ਇਸ ਚਾਬੀ ਨੂੰ ਸੁੱਟ ਦਵਾਂਗੇ ! ਤਾਲਾ ਇੱਕ ਹੁੰਦਾ ਹੈ ਤੇ ਚਾਬੀਆਂ ਭਾਵੇਂ ਪੰਜਾਹ ਬਣਾ ਲਵੋ, ਮਤਲਬ ਤਾਂ ਤਾਲਾ ਖੁਲਣ ਨਾਲ ਹੈ ! ਭਲਾ ਚਾਬੀਆਂ ਨਾਲ ਵੀ ਕੋਈ ਪਿਆਰ ਕਰਦਾ ਹੈ ?

ਮਨਜੀਤ ਸਿੰਘ ਦੇ ਦਿਲ ਅੰਦਰ ਤਰਾਂ ਤਰਾਂ ਦੇ ਖਿਆਲ ਤੁਰਨ ਲੱਗੇ ... "ਸ਼ਾਇਦ ਮੈਂ ਵੀ ਇਨ੍ਹਾਂ ਲਈ ਕਿਸੀ ਕੰਮ ਦੀ ਹੀ ਚਾਬੀ ਹਾਂ ?" ! ਉਸਨੂੰ ਲੱਗਾ ਕਿ ਜਿਵੇਂ ਓਹ ਭੈੜੀ ਗ਼ਾਲ ਉਸ ਲਈ ਵਰਤੀ ਗਈ ਹੈ ! ਫਿਰ ਉਸਨੂੰ ਅਖਬਾਰ ਦੀ ਓਹ ਖਬਰ ਚੇਤੇ ਆ ਗਈ ਜਿਸ ਵਿੱਚ ਲਿਖਿਆ ਸੀ ਕੀ "ਠੱਗ ਵਿਦਿਆ ਇਸ ਦੁਨੀਆਂ ਦੀਆਂ ਸਭ ਤੋ ਪੁਰਾਣੀ ਵਿਦਿਆ ਵਿੱਚੋਂ ਇੱਕ ਹੈ" ਤੇ ਠੱਗ ਅਕਸਰ ਮਿਠੀਆਂ-ਮਿਠੀਆਂ ਗੱਲਾਂ ਕਰ ਕੇ ਵਿਸ਼ਵਾਸ ਅੱਤੇ ਰਿਸ਼ਤਾ ਗੰਢ ਲੈਂਦਾ ਹੈ, ਪਰ ਅੰਦਰ ਆਪਣੇ ਸ਼ਿਕਾਰ ਨਾਲ ਉਸ ਦਾ ਕੋਈ ਪਿਆਰ ਨਹੀਂ ਹੁੰਦਾ !

ਕਿਹੜੀ ਸੋਚ ਵਿੱਚ ਗੁੰਮ ਹੋ ਗਿਆ ਹੈਂ ? (ਹਰਜੀਤ ਸਿੰਘ ਨੇ ਮਨਜੀਤ ਸਿੰਘ ਦਾ ਮੋਢਾ ਫੜ ਕੇ ਪੁਛਿਆ)

ਮਨਜੀਤ ਸਿੰਘ (ਸੋਚ ਤੋਂ ਬਾਹਰ ਕੇ) : ਕੁਝ ਨਹੀਂ ! ਬਸ ਰਿਸ਼ਤਿਆਂ ਅੱਤੇ ਭਾਵਨਾਵਾਂ ਦੇ ਚਮਕਦੇ ਤਾਲੇ ਨੂੰ ਕਮੀਨਗੀ ਦੀ ਜੰਗ ਲੱਗੀ ਚਾਬੀ ਨਾਲ ਖੁਲਦੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅਚਾਨਕ ਚਾਬੀ ਟੁੱਟ ਗਈ !