ਦਿਲਾਂ ਦੇ ਵਲਵਲੇ (ਲੇਖ-2)
ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥
"ਜੋ ਮਨੁਖ ਅੰਨ ਛਡ ਦੇਣ ਦਾ ਅਡੰਬਰ ਕਰਦੇ ਹਨ ਭਾਵ ਦਿਖਾਵਾ ਕਰਦੇ ਹਨ ਓਹ ਕੁਚਜਿਆਂ ਜਨਾਨੀਆਂ ਵਾਂਗ ਹਨ ਜਿਨ੍ਹਾਂ ਦੇ ਸਿਰ ਤੇ ਸਾਈ ਨਹੀ ਹੁੰਦਾ ! ਓਹ ਨਾ ਤੇ ਵਿਹਾਈਆਂ ਵਾਂਗ ਹਨ ਜੋ ਵਸੀਆਂ ਹਨ (ਜੀਵ ਆਤਮਾ ਜੋ ਪ੍ਰਭੁ ਪਤੀ ਦੇ ਪਿਆਰ ਵਿਚ ਡੁੱਬੀ ਹੈ) ਤੇ ਨਾ ਹੀ ਵਿਭਚਾਰਨੀ ਔਰਤ ਵਾਂਗ ਹਨ (ਜੀਵ ਆਤਮਾ ਜੋ ਰੱਬ ਤੋਂ ਟੁੱਟੀ ਹੋਈ ਹੈ, ਪਰ ਦਿਖਾਵਾ (ਸ਼੍ਰਿੰਗਾਰ ) ਪੂਰਾ ਵਿਆਹੀ ਔਰਤ ਵਾਂਗ ਹੀ ਕਰਦੀ ਹੈ) !"
ਬਹੁਤ ਲੋਗ ਇਹ ਦੋ ਪੰਗਤੀਆਂ ਚੁੱਕ ਕੇ ਲੋਕਾਂ ਦਿਆਂ ਮਾਵਾਂ-ਭੈਣਾ ਨੂੰ ਰੰਡ ਕਹਿੰਦੇ ਨਜ਼ਰ ਆਉਂਦੇ ਹਨ ! ਕਦੀ ਵੀ ਨਹੀ ਸੋਚਦੇ ਕੀ ਅਸਲ ਵਿਚ ਗੁਰੁ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਇਸ ਸ਼ਬਦ ਰਾਹੀਂ ? ਕੀ ਵਾਕਈ ਹੀ ਇਹ ਸ਼ਬਦ ਉਨ੍ਹਾਂ ਜਨਾਨੀਆਂ ਵਾਸਤੇ ਉਚਾਰਿਆ ਗਿਆ ਹੈ ਜਾਂ ਉਨ੍ਹਾਂ ਕਰਮ-ਕਾਂਡੀਆਂ ਵਾਸਤੇ ਜੋ ਧਰਮ ਨੂੰ ਇੱਕ ਦੁਕਾਨ ਬਣਾ ਕੇ ਚਲਾ ਰਹੇ ਹਨ ਤੇ ਮੋਨੀ ਬਣਦੇ ਹਨ, ਅਨਾਜ ਛਡਣ ਦਾ ਵਿਖਾਵਾ ਕਰਦੇ ਹਨ, ਪਾਣੀ ਛਡਣ ਦਾ ਦਿਖਾਵਾ ਕਰਦੇ ਹਨ ਤੇ ਜਤੀ-ਸਤੀ ਹੋਣ ਦਾ ਦਿਖਾਵਾ ਕਰਦੇ ਹਨ ? ਆਦਿ ਆਦਿ !
ਪੂਰੇ ਸ਼ਬਦ ਨੂੰ ਪੜ੍ਹਨ ਤੋਂ ਬਾਅਦ ਅਸੀਂ ਕਿਵੇਂ ਕਿਸੀ ਹੋਰ ਦੀ ਜਨਾਨੀ/ਮਾਂ/ਭੈਣ ਨੂੰ "ਰੰਡ" ਕਹਿਣ ਦੀ ਹਿਮ੍ਮਤ ਕਰ ਸਕਦੇ ਹਾਂ ? ਹਾਂ, ਅਸੀਂ ਉਨ੍ਹਾਂ ਨੂੰ ਇਸ ਅਡੰਬਰ ਬਾਰੇ ਪ੍ਰੇਰ ਸਕਦੇ ਹਾਂ ! ਅਸੀਂ ਉਨ੍ਹਾਂ ਨੂੰ ਗੁਰਮਤ ਰਾਹ ਵਿਖਾ ਸਕਦੇ ਹਾਂ ! ਗੁਰੁ ਦੀ ਕਿਰਪਾ ਕਰਕੇ ਸਾਨੂੰ ਸਮਝ ਆ ਗਈ ਹੈ ਕੀ "ਇਹ ਅੰਨ ਛਡਣਾ ਪਾਖੰਡ ਹੈ" ਪਰ ਨਾਲ ਹੀ ਸਾਨੂੰ ਇਹ ਹੱਕ ਨਹੀ ਮਿਲ ਗਿਆ ਕੀ ਆਪਣੀ ਮੱਤ ਤੋਂ ਅਲਾਵਾ ਦੂਜਿਆਂ ਨੂੰ ਗਲਤ ਸ਼ਬਦ ਕਹੀਏ ! ਹਾਂ ਜਰੂਰ ਪ੍ਰੇਰਣਾ ਦਿੰਦੇ ਰਹੀਏ ਤਾਂਕਿ ਹੋਰਨਾ ਨੂੰ ਵੀ ਸੁਮੱਤ ਆ ਜਾਵੇ ! ਗੁਰੁ ਸਾਹਿਬ ਜੀ ਦੇ ਬਚਨ "ਕੌੜੇ ਨਿੰਮ ਜਾਂ ਕਰੇਲੇ ਵਾਂਗ ਹਨ" ਜੋ ਫਾਇਦਾ ਕਰਦੇ ਹਨ ਪਰ ਸਾਡੇ ਜਜਬਾਤੀ ਹੋ ਕੇ ਕਿਸੀ ਨੂੰ ਬੁਰਾ-ਭਲਾ ਕਹਿਣ ਵਾਲੇ ਬਚਨ "ਕੌੜੇ ਜਹਿਰ" ਵਾਂਗ ਹਨ !
ਪਰਚਾਰ ਹਮੇਸ਼ਾ ਹੀ ਗੁਰਮਤ ਦੀ ਰੋਸ਼ਿਨੀ ਵਿਚ ਹੋਣਾ ਚਾਹੀਦਾ ਹੈ ਨਾ ਕੀ ਹੂੜਮੱਤ ਦੇ ਹਨੇਰੇ ਵਿਚ ! ਆਪ ਪੂਰਾ ਸ਼ਬਦ ਰਹਾਓ ਦੀ ਰੋਸ਼ਿਨੀ ਵਿਚ ਵਿਚਾਰ ਕਰੋ ਜੀ !
ਗੋਂਡ ॥
ਧੰਨੁ ਗੁਪਾਲ ਧੰਨੁ ਗੁਰਦੇਵ ॥ ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥
ਧਨੁ ਓਇ ਸੰਤ ਜਿਨ ਐਸੀ ਜਾਨੀ ॥ ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥
ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥੧॥ਰਹਾਓ ॥
ਜਪੀਐ ਨਾਮੁ ਜਪੀਐ ਅੰਨੁ ॥ ਅੰਭੈ ਕੈ ਸੰਗਿ ਨੀਕਾ ਵੰਨੁ ॥
ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥
ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥
ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥੩॥
ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥
ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥
Leave a Comment