ਇਤਿਹਾਸ ਦੀ ਨਵੀਂ ਖੋਜ (ਨਿੱਕੀ ਕਹਾਣੀ)

Share this story: WhatsApp X

ਐਤਵਾਰ ਦੀ ਸਵੇਰ ਸੀ। ਘਰ ਵਿੱਚ ਬੈਠੇ ਦਾਦਾ ਜੀ ਅਖ਼ਬਾਰ ਪੜ੍ਹ ਰਹੇ ਸਨ ਕਿ ਪੋਤਾ ਮੋਬਾਈਲ ਲੈ ਕੇ ਉਨ੍ਹਾਂ ਕੋਲ ਆ ਗਿਆ।

ਪੋਤਾ : ਦਾਦਾ ਜੀ, ਤੁਹਾਨੂੰ ਪਤਾ ਹੈ? ਇੱਕ ਨਵੇਂ ਇਤਿਹਾਸਕਾਰ ਨੇ ਸਿੱਖ ਇਤਿਹਾਸ ਬਾਰੇ ਬਹੁਤ ਵੱਡੀ ਖੋਜ ਕੀਤੀ ਹੈ। ਅਜਿਹੀ ਸਾਖੀ ਸਾਹਮਣੇ ਲਿਆਂਦੀ ਹੈ ਜਿਸ ਬਾਰੇ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀ।

ਦਾਦਾ ਜੀ ਨੇ ਐਨਕ ਨੱਕ ਤੋਂ ਹੇਠਾਂ ਕਰਦਿਆਂ ਪੁੱਛਿਆ, “ਅੱਛਾ! ਕੀ ਖੋਜ ਕੀਤੀ ਹੈ?”

ਪੋਤਾ : ਜੀ, ਇੱਕ ਨਵੀਂ ਸ਼ਹਾਦਤ, ਇੱਕ ਨਵਾਂ ਖਰੜਾ ਅਤੇ ਇੱਕ ਅਜਿਹੀ ਘਟਨਾ ਜਿਸ ਨੇ ਪੁਰਾਣੇ ਇਤਿਹਾਸ ਦੀਆਂ ਕਈ ਧਾਰਨਾਵਾਂ ਬਦਲ ਦੇਣੀਆਂ ਹਨ। ਲੋਕ ਤਾਂ ਬਹੁਤ ਪ੍ਰਭਾਵਿਤ ਹੋ ਰਹੇ ਨੇ।

ਦਾਦਾ ਜੀ ਮੁਸਕਰਾ ਪਏ।

ਪੋਤਾ : ਤੁਸੀਂ ਹੱਸ ਕਿਉਂ ਰਹੇ ਹੋ?

ਦਾਦਾ ਜੀ : ਪੁੱਤ, ਮੈਂ ਤਾਂ ਇਹ ਸੋਚ ਰਿਹਾ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਸਾਡੇ ਇਤਿਹਾਸ ਵਿੱਚ ਕਿੰਨੇ ਨਵੇਂ ਇਤਿਹਾਸਕਾਰ ਪੈਦਾ ਹੋ ਗਏ ਨੇ। ਹਰ ਕੋਈ ਆਉਂਦਾ ਹੈ ਤੇ ਇੱਕ ਨਵਾਂ ਇਤਿਹਾਸ ਲੱਭ ਲਿਆਉਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਲੱਭੇ ਇਤਿਹਾਸ ਬਾਰੇ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਹੁੰਦਾ।

ਪੋਤਾ : ਪਰ ਦਾਦਾ ਜੀ, ਨਵੀਂ ਖੋਜ ਹੋਣੀ ਤਾਂ ਚੰਗੀ ਗੱਲ ਹੈ। ਇਸ ਨਾਲ ਇਤਿਹਾਸ ਵਿੱਚ ਵਾਧਾ ਹੀ ਹੁੰਦਾ ਹੈ।

ਦਾਦਾ ਜੀ : ਬਿਲਕੁਲ ਪੁੱਤ! ਮੈਂ ਨਵੀਂ ਖੋਜ ਦੇ ਵਿਰੁੱਧ ਨਹੀਂ ਹਾਂ। ਪਰ ਖੋਜ ਅਤੇ ਕਲਪਨਾ ਵਿੱਚ ਫ਼ਰਕ ਤਾਂ ਹੋਣਾ ਚਾਹੀਦਾ ਹੈ। ਕੋਈ ਪੁਰਾਣਾ ਖਰੜਾ ਮਿਲ ਗਿਆ, ਕੋਈ ਸਾਖੀ ਸੁਣਨ ਨੂੰ ਮਿਲ ਗਈ ਜਾਂ ਕਿਸੇ ਨੇ ਕੋਈ ਨਵੀਂ ਗੱਲ ਦੱਸ ਦਿੱਤੀ, ਤਾਂ ਕੀ ਉਹ ਆਪਣੇ ਆਪ ਇਤਿਹਾਸਕ ਸੱਚ ਬਣ ਜਾਂਦੀ ਹੈ?

ਪੋਤਾ : ਫਿਰ ਉਸ ਦੀ ਪਰਖ ਕਿਵੇਂ ਹੋਵੇਗੀ?

ਦਾਦਾ ਜੀ : ਇਹੀ ਤਾਂ ਇਤਿਹਾਸਕਾਰ ਦਾ ਕੰਮ ਹੈ। ਖਰੜਾ ਕਦੋਂ ਦਾ ਹੈ? ਕਿਸ ਨੇ ਲਿਖਿਆ? ਉਸ ਦਾ ਮੂਲ ਸਰੋਤ ਕੀ ਹੈ? ਹੋਰ ਇਤਿਹਾਸਕ ਹਵਾਲਿਆਂ ਨਾਲ ਉਸ ਦੀ ਪੁਸ਼ਟੀ ਹੁੰਦੀ ਹੈ ਜਾਂ ਨਹੀਂ? ਉਸ ਸਮੇਂ ਦੇ ਹਾਲਾਤ ਕੀ ਸਨ? ਇਹ ਸਭ ਵਿਚਾਰਨਾ ਪੈਂਦਾ ਹੈ।

ਪੋਤਾ : ਪਰ ਦਾਦਾ ਜੀ, ਜਿਹੜੇ ਇਤਿਹਾਸਕਾਰ ਇਹ ਨਵੀਆਂ ਖੋਜਾਂ ਲਿਆਉਂਦੇ ਨੇ, ਉਨ੍ਹਾਂ ਨੂੰ ਸੰਗਤਾਂ ਦਾ ਬਹੁਤ ਪਿਆਰ ਮਿਲਦਾ ਹੈ।

ਦਾਦਾ ਜੀ : ਮਿਲਣਾ ਵੀ ਚਾਹੀਦਾ ਹੈ, ਜੇ ਉਹ ਸੱਚਮੁੱਚ ਮਿਹਨਤ ਕਰ ਰਹੇ ਹਨ। ਪਰ ਪੁੱਤ, ਸੰਗਤਾਂ ਦਾ ਗੁਰੂ ਅਤੇ ਗੁਰਸਿੱਖਾਂ ਨਾਲ ਪਿਆਰ ਕਈ ਵਾਰ ਉਨ੍ਹਾਂ ਨੂੰ ਹਰ ਨਵੀਂ ਸੁਣਾਈ ਗਈ ਗੱਲ 'ਤੇ ਵਿਸ਼ਵਾਸ ਕਰਨ ਲਈ ਵੀ ਪ੍ਰੇਰਿਤ ਕਰ ਦਿੰਦਾ ਹੈ। ਕਿਸੇ ਨੇ ਗੁਰੂ ਸਾਹਿਬ ਬਾਰੇ ਕੋਈ ਬਹੁਤ ਭਾਵੁਕ ਸਾਖੀ ਸੁਣਾ ਦਿੱਤੀ, ਅਸੀਂ ਬਿਨਾਂ ਘੋਖ ਕੀਤੇ ਸਾਂਝੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਹ ਨਹੀਂ ਸੋਚਦੇ ਕਿ ਇਸ ਦਾ ਸਰੋਤ ਕੀ ਹੈ?

ਪੋਤਾ : ਫਿਰ ਕੀ ਪੁਰਾਣੇ ਇਤਿਹਾਸ ਨੂੰ ਹੀ ਸਹੀ ਮੰਨ ਲਈਏ?

ਦਾਦਾ ਜੀ : ਨਹੀਂ ਪੁੱਤ! ਪੁਰਾਣਾ ਹੋਣਾ ਵੀ ਸੱਚ ਹੋਣ ਦੀ ਗਾਰੰਟੀ ਨਹੀਂ ਅਤੇ ਨਵਾਂ ਹੋਣਾ ਵੀ ਝੂਠ ਹੋਣ ਦੀ ਨਿਸ਼ਾਨੀ ਨਹੀਂ। ਹਰ ਗੱਲ ਨੂੰ ਤਰਕ, ਤੱਥ ਅਤੇ ਸਬੂਤ ਦੀ ਕਸੌਟੀ 'ਤੇ ਪਰਖਣਾ ਚਾਹੀਦਾ ਹੈ।

ਥੋੜ੍ਹਾ ਰੁਕ ਕੇ ਦਾਦਾ ਜੀ ਫਿਰ ਬੋਲੇ : “ਇੱਕ ਗੱਲ ਹੋਰ ਵੀ ਹੈ। ਮੈਨੂੰ ਤਾਂ ਅੱਜ ਤੱਕ ਕੋਈ ਅਜਿਹਾ ਇਤਿਹਾਸਕਾਰ ਨਜ਼ਰ ਨਹੀਂ ਆਇਆ ਜੋ ਸਾਰੇ ਪ੍ਰਮਾਣਿਕ ਇਤਿਹਾਸਕ ਸਰੋਤਾਂ ਨੂੰ ਇਕੱਠਾ ਕਰਕੇ, ਉਨ੍ਹਾਂ ਦੀ ਆਪਸੀ ਪੜਚੋਲ ਕਰਕੇ, ਸਿੱਖ ਇਤਿਹਾਸ ਨੂੰ ਇੱਕ ਮਾਲਾ ਵਾਂਗ ਪਰੋ ਕੇ ਸੰਗਤਾਂ ਸਾਹਮਣੇ ਰੱਖ ਸਕਿਆ ਹੋਵੇ। ਹਰ ਕੋਈ ਨਵਾਂ ਮੋਤੀ ਲੱਭਣ ਵਿੱਚ ਲੱਗਾ ਹੋਇਆ ਹੈ। ਕੋਈ ਇਹ ਨਹੀਂ ਸੋਚਦਾ ਕਿ ਪਹਿਲਾਂ ਵਾਲੇ ਮੋਤੀਆਂ ਦੀ ਲੜੀ ਕਿੰਨੀ ਮਜ਼ਬੂਤ ਹੈ ਅਤੇ ਨਵੇਂ ਮੋਤੀ ਨੂੰ ਉਸ ਵਿੱਚ ਪਰੋਣ ਦਾ ਆਧਾਰ ਕੀ ਹੈ।”

ਪੋਤੇ ਨੇ ਮੋਬਾਈਲ ਵੱਲ ਵੇਖਿਆ। ਉਹ ਨਵੀਂ ਖੋਜ ਵਾਲੀ ਵੀਡੀਓ ਅਜੇ ਵੀ ਚੱਲ ਰਹੀ ਸੀ। ਉਸ ਨੇ ਵੀਡੀਓ ਅੱਗੇ ਸਾਂਝੀ ਕਰਨ ਦੀ ਥਾਂ ਮੋਬਾਈਲ ਬੰਦ ਕਰ ਦਿੱਤਾ।

ਦਾਦਾ ਜੀ ਨੇ ਪੁੱਛਿਆ, “ਕੀ ਹੋਇਆ?”

ਪੋਤਾ ਬੋਲਿਆ :

“ਕੁਝ ਨਹੀਂ ਦਾਦਾ ਜੀ, ਸੋਚਿਆ ਪਹਿਲਾਂ ਇਤਿਹਾਸ ਦੀ ਖੋਜ ਕਰ ਲਵਾਂ, ਫਿਰ ਇਤਿਹਾਸ ਨੂੰ ਅੱਗੇ ਸਾਂਝਾ ਕਰਾਂਗਾ।”

ਦਾਦਾ ਜੀ ਮੁਸਕਰਾ ਪਏ।

ਇਤਿਹਾਸ ਵਿੱਚ ਨਵਾਂ ਜੋੜਨਾ ਗ਼ਲਤ ਨਹੀਂ, ਪਰ ਨਵਾਂ ਜੋੜਨ ਦੇ ਚੱਕਰ ਵਿੱਚ ਪੁਰਾਣੇ ਸੱਚ ਨੂੰ ਵਿਗਾੜ ਦੇਣਾ ਇਤਿਹਾਸ ਨਾਲ ਵੀ ਬੇਇਨਸਾਫ਼ੀ ਹੈ ਅਤੇ ਵਿਰਾਸਤ ਨਾਲ ਵੀ।

Leave a Comment

Reader Comments