ਪੱਗ ਬਨਾਮ ਸਿੱਖੀ ! (ਨਿੱਕੀ ਕਹਾਣੀ)

Share this story: WhatsApp X

“ਓਏ ਮਨਪ੍ਰੀਤ, ਕਮਾਲ ਕਰਤੀ! ਪੱਗ ਤਾਂ ਬੜੀ ਸੋਹਣੀ ਬੰਨ੍ਹੀ ਆ।”

ਸੁੱਖੇ ਨੇ ਆਪਣੇ ਦੋਸਤ ਦੀ ਪੱਗ ਵੱਲ ਵੇਖ ਕੇ ਕਿਹਾ।

ਮਨਪ੍ਰੀਤ ਨੇ ਪੱਗ ਨੂੰ ਸ਼ੀਸ਼ੇ ਵਿੱਚ ਵੇਖਦਿਆਂ ਕਿਹਾ,
“ਬਸ ਯਾਰ, ਹੁਣ ਕੁੜੀਆਂ ਨੂੰ ਵੀ ਪੱਗ ਵਾਲੇ ਮੁੰਡੇ ਪਸੰਦ ਆਉਂਦੇ ਨੇ। ਫਿਲਮਾਂ ਵਾਲੇ ਹੀਰੋ ਦੇਖ... ਸਾਰੇ ਪੱਗਾਂ ਬੰਨ੍ਹੀ ਫਿਰਦੇ ਨੇ।”

ਕੋਲ ਬੈਠੇ ਬਜ਼ੁਰਗ ਨੇ ਉਸ ਦੀ ਕਟੀ ਹੋਈ ਦਾਹੜੀ ਵੇਖ ਕੇ ਪੁੱਛਿਆ,
“ਸਿਰ ਦੇ ਕੇਸ ਵੀ ਦਾਹੜੀ ਵਰਗੇ ਹੀ ਨੇ ?”

ਮਨਪ੍ਰੀਤ ਥੋੜ੍ਹਾ ਝਿਜਕਿਆ।

“ਨਹੀਂ ਬਾਬਾ ਜੀ... ਦਾਹੜੀ ਦੇ ਨਾਲ ਨਾਲ ਉਹ ਵੀ ਕੱਟ ਲਏ। ਪੱਗ ਤਾਂ ਬਸ ਸਟਾਈਲ ਲਈ ਆ ਅੱਜਕਲ।”

ਬਾਬਾ ਜੀ ਹੱਸ ਪਏ।

“ਫਿਰ ਤਾਂ ਪੁੱਤ ਤੂੰ ਪੱਗ ਨਹੀਂ ਬੰਨ੍ਹੀ... ਪੱਗ ਨੂੰ ਟੋਪੀ ਵਾਂਗ ਫੈਸ਼ਨ ਬਣਾ ਲਿਆ ਬੱਸ।”

ਸੁੱਖਾ ਹੱਸ ਕੇ ਬੋਲਿਆ,
“ਬਾਬਾ ਜੀ, ਅੱਜਕੱਲ੍ਹ ਪੱਗ ਹੀ ਤਾਂ ਸਿੱਖ ਹੋਣ ਦੀ ਪਹਿਚਾਣ ਆ। ਕੇਸ ਰੱਖਣੇ ਜ਼ਰੂਰੀ ਥੋੜ੍ਹੇ ਨੇ!”

ਬਾਬਾ ਜੀ ਨੇ ਕਿਹਾ,
“ਇਹ ਤਾਂ ਉਹ ਗੱਲ ਹੋਈ ਪੁੱਤ, ਕੋਈ ਕਹੇ—‘ਮੈਂ ਮੋਰ ਹਾਂ, ਬਸ ਪੰਖ ਨਹੀਂ ਰੱਖੇ।’” ਜਾਂ ਫਿਰ "ਮੈਂ ਹਾਥੀ ਹਾਂ , ਬਸ ਸੁੰਡ ਨਹੀਂ ਰੱਖੀ " ਜਾਂ "ਸ਼ੇਰ ਦੇ ਪੰਜੇ ਕੱਟ ਕੇ ਉਸਨੂੰ ਕਹੀਏ—‘ਚਿੰਤਾ ਨਾ ਕਰ, ਤੇਰੀ ਦਹਾੜ ਤਾਂ ਅਜੇ ਵੀ ਹੈ।’”

ਦੋਵੇਂ ਹੱਸ ਪਏ।

ਬਾਬਾ ਜੀ ਨੇ ਗੰਭੀਰ ਹੋ ਕੇ ਕਿਹਾ,
“ਗੁਰੂ ਸਾਹਿਬ ਨੇ ਸਾਨੂੰ ਕੇਸ ਬਖ਼ਸ਼ੇ ਤੇ ਉਨ੍ਹਾਂ ਦੀ ਸੰਭਾਲ ਲਈ ਦਸਤਾਰ। ਦਸਤਾਰ ਕੇਸਾਂ ਦਾ ਬਦਲ ਨਹੀਂ, ਕੇਸਾਂ ਦੀ ਰਾਖੀ ਹੈ।”

ਮਨਪ੍ਰੀਤ ਚੁੱਪ ਹੋ ਗਿਆ।

ਬਾਬਾ ਜੀ ਨੇ ਅੱਗੇ ਕਿਹਾ,
“ਫਿਲਮ ਦਾ ਹੀਰੋ ਦੋ ਘੰਟੇ ਪੱਗ ਬੰਨ੍ਹ ਕੇ ਲੱਖਾਂ ਦਿਲ ਜਿੱਤ ਲੈਂਦਾ ਹੈ। ਪਰ ਗੁਰੂ ਦਾ ਸਿੱਖ ਕੇਸ ਰੱਖ ਕੇ, ਦਸਤਾਰ ਸਜਾ ਕੇ ਤੇ ਗੁਰਮਤਿ ਵਾਲਾ ਜੀਵਨ ਜੀ ਕੇ ਆਪਣੀ ਪੂਰੀ ਜ਼ਿੰਦਗੀ ਹੀਰੋ ਹੋ ਜਾਣ ਦਾ ਰਾਹ ਚੁਣਦਾ ਹੈ।”

ਸੁੱਖੇ ਨੇ ਹੱਸਦਿਆਂ ਕਿਹਾ,
“ਫਿਰ ਬਾਬਾ ਜੀ, ਪੱਗ ਵਾਲਾ ਹੋਣਾ ਸੌਖਾ ਹੈ ਜਾਂ ਸਿੱਖ ਹੋਣਾ?”

ਬਾਬਾ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ,

“ਪੱਗ ਬੰਨ੍ਹਣੀ ਸਿੱਖਣੀ ਕੁਝ ਦਿਨਾਂ ਦੀ ਗੱਲ ਹੈ ਪੁੱਤ...
ਪੱਗ ਦੀ ਲਾਜ ਰੱਖਣੀ ਸਾਰੀ ਉਮਰ ਦੀ।”

ਮਨਪ੍ਰੀਤ ਨੇ ਆਪਣੀ ਪੱਗ ਨੂੰ ਹੱਥ ਲਾਇਆ।

ਇਸ ਵਾਰ ਉਸਨੂੰ ਸ਼ੀਸ਼ੇ ਵਿੱਚ ਆਪਣੀ ਪੱਗ ਨਹੀਂ, ਗੁਰੂ ਦੀ ਬਖ਼ਸ਼ੀ ਪਹਿਚਾਣ ਨਜ਼ਰ ਆ ਰਹੀ ਸੀ।

Leave a Comment

Reader Comments