ਪੜ੍ਹ-ਦਾਦਾ, ਅਨਪੜ੍ਹ-ਦਾਦਾ ! (ਨਿੱਕੀ ਕਹਾਣੀ)
ਸਕੂਲੋਂ ਆਉਂਦਿਆਂ ਹੀ ਮਨਵੀਰ ਆਪਣੀ ਕਾਪੀ ਲੈ ਕੇ ਧੁੱਪ ਸੇਕ ਰਹੇ ਦਾਦੇ ਕੋਲ ਜਾ ਬੈਠਾ।
ਮਨਵੀਰ : ਦਾਦਾ ਜੀ, ਤੁਹਾਡੇ ਦਾਦਾ ਜੀ ਪੜ੍ਹੇ ਹੋਏ ਸਨ ?
ਜੋਗਿੰਦਰ ਸਿੰਘ : ਨਹੀਂ ਪੁੱਤਰਾ, ਉਹ ਸਕੂਲ ਨਹੀਂ ਜਾ ਸਕੇ ਸਨ।
ਮਨਵੀਰ : ਫਿਰ ਉਹ ਮੇਰੇ ‘ਪੜ੍ਹ-ਦਾਦਾ’ ਕਿਵੇਂ ਹੋ ਗਏ ? ਜਿਹੜਾ ਦਾਦਾ ਪੜ੍ਹਿਆ ਹੋਵੇ, ਉਹ ਪੜ੍ਹ-ਦਾਦਾ ਅਤੇ ਜਿਹੜਾ ਨਾ ਪੜ੍ਹਿਆ ਹੋਵੇ, ਉਹ ਅਨਪੜ੍ਹ-ਦਾਦਾ ਹੋਣਾ ਚਾਹੀਦਾ ਹੈ !
ਕੋਲ ਬੈਠੀ ਦਾਦੀ ਹੱਸ ਪਈ।
ਦਾਦੀ : ਵੇਖ ਲਓ ਜੀ, ਸਕੂਲ ਵਾਲਿਆਂ ਨੇ ਰਿਸ਼ਤੇ ਵੀ ਵਿਆਕਰਣ ਨਾਲ ਜੋੜ ਦਿੱਤੇ ਹਨ !
ਦਾਦੇ ਨੇ ਕਾਪੀ ਵੇਖੀ। ਅਧਿਆਪਕ ਨੇ ਘਰ ਦਾ ਕੰਮ ਦਿੱਤਾ ਸੀ ਕਿ ‘ਆਪਣੇ ਪੜਦਾਦੇ ਬਾਰੇ ਪੰਜ ਲਾਈਨਾਂ ਲਿਖੋ।’
ਜੋਗਿੰਦਰ ਸਿੰਘ : ਪੁੱਤਰਾ, ਤੇਰੀ ਗੱਲ ਵਿੱਚ ਵੀ ਸਿਆਣਪ ਹੈ। ਮੇਰੇ ਦਾਦਾ ਬਚਨ ਸਿੰਘ ਅੱਖਰ ਨਹੀਂ ਪੜ੍ਹ ਸਕਦੇ ਸਨ, ਪਰ ਗਿਆਨ ਦੀ ਹਰ ਗੱਲ ਧਿਆਨ ਨਾਲ ਸੁਣਦੇ ਸਨ। ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੇ ਦੋ ਏਕੜ ਜ਼ਮੀਨ ਤੱਕ ਵੇਚ ਦਿੱਤੀ ਸੀ। ਕਹਿੰਦੇ ਸਨ ਕਿ “ਜ਼ਮੀਨ ਇੱਕ ਪੀੜ੍ਹੀ ਦਾ ਢਿੱਡ ਭਰਦੀ ਹੈ, ਗਿਆਨ ਸੱਤ ਪੀੜ੍ਹੀਆਂ ਦਾ ਸਿਰ ਉੱਚਾ ਕਰਦਾ ਹੈ।”
ਮਨਵੀਰ : ਫਿਰ ਉਹ ਤਾਂ ਸੱਚਮੁੱਚ ‘ਪੜ੍ਹ-ਦਾਦਾ’ ਹੋਏ !
ਜੋਗਿੰਦਰ ਸਿੰਘ : ਪਰ ਉਨ੍ਹਾਂ ਦੇ ਵੱਡੇ ਭਰਾ ਗੱਜਣ ਸਿੰਘ ਆਪਣਾ ਨਾਂ ਲਿਖ ਲੈਂਦੇ ਸਨ, ਫਿਰ ਵੀ ਕਿਸੇ ਦੀ ਸਲਾਹ ਨਹੀਂ ਮੰਨਦੇ ਸਨ। ਉਨ੍ਹਾਂ ਦੀ ਇੱਕੋ ਦਲੀਲ ਹੁੰਦੀ ਸੀ ਕਿ “ਮੇਰੀ ਦਾੜ੍ਹੀ ਧੁੱਪ ਵਿੱਚ ਚਿੱਟੀ ਨਹੀਂ ਹੋਈ !”
ਦਾਦੀ : ਦਾੜ੍ਹੀ ਤਾਂ ਉਮਰ ਨਾਲ ਚਿੱਟੀ ਹੋ ਗਈ ਸੀ, ਪਰ ਉਹ ਉਮਰ ਨੂੰ ਹੀ ਗਿਆਨ ਸਮਝੀ ਬੈਠੇ ਸਨ !
ਮਨਵੀਰ ਹੱਸ ਪਿਆ।
ਦਾਦੇ ਨੇ ਇੱਕ ਪੁਰਾਣੀ ਪੇਟੀ ਵਿੱਚੋਂ ਕਾਗਜ਼ ਕੱਢਿਆ।
ਜੋਗਿੰਦਰ ਸਿੰਘ : ਇਹ ਬਚਨ ਸਿੰਘ ਨੇ ਪਿੰਡ ਦੇ ਮਾਸਟਰ ਤੋਂ ਲਿਖਵਾਇਆ ਸੀ ਕਿ “ਘਰ ਵੰਡ ਲੈਣਾ, ਖੇਤ ਵੰਡ ਲੈਣਾ, ਪਰ ਵਿਹੜੇ ਦਾ ਬੋਹੜ ਅਤੇ ਪਿੰਡ ਨੂੰ ਜਾਂਦਾ ਰਾਹ ਕਦੇ ਨਾ ਵੰਡਣਾ। ਛਾਂ ਅਤੇ ਰਾਹ ਉੱਤੇ ਕਿਸੇ ਇਕੱਲੇ ਮਨੁੱਖ ਦਾ ਹੱਕ ਨਹੀਂ ਹੁੰਦਾ।”
ਉਸੇ ਵੇਲੇ ਮਨਵੀਰ ਦਾ ਤਾਇਆ ਲਾਭ ਸਿੰਘ ਆ ਗਿਆ।
ਲਾਭ ਸਿੰਘ : ਬਾਪੂ ਜੀ, ਮੈਂ ਮਿਸਤਰੀ ਨੂੰ ਕਹਿ ਦਿੱਤਾ ਹੈ। ਕੱਲ੍ਹ ਵਿਚਕਾਰਲੀ ਕੰਧ ਉੱਚੀ ਕਰਵਾ ਦੇਣੀ ਹੈ ਅਤੇ ਆਪਣੇ ਪਾਸੇ ਆਉਂਦੀਆਂ ਬੋਹੜ ਦੀਆਂ ਟਾਹਣੀਆਂ ਵੀ ਵੱਢ ਦੇਣੀਆਂ ਹਨ।
ਦਾਦੇ ਨੇ ਪੁਰਾਣਾ ਕਾਗਜ਼ ਉਸ ਦੇ ਹੱਥ ਵਿੱਚ ਫੜਾ ਦਿੱਤਾ।
ਲਾਭ ਸਿੰਘ : ਪਰ ਇਹ ਤਾਂ ਸੌ ਸਾਲ ਪੁਰਾਣੀ ਗੱਲ ਹੈ। ਹੁਣ ਜ਼ਮਾਨਾ ਬਦਲ ਗਿਆ ਹੈ !
ਮਨਵੀਰ : ਤਾਇਆ ਜੀ, ਜ਼ਮਾਨਾ ਬਦਲ ਗਿਆ ਹੈ ਜਾਂ ਬੋਹੜ ਨੇ ਛਾਂ ਦੇਣੀ ਬੰਦ ਕਰ ਦਿੱਤੀ ਹੈ ?
ਦਾਦੀ ਨੇ ਚੁੰਨੀ ਦੇ ਲੜ ਨਾਲ ਆਪਣਾ ਹਾਸਾ ਲੁਕਾ ਲਿਆ।
ਜੋਗਿੰਦਰ ਸਿੰਘ : ਪੁਰਾਣੀ ਹਰ ਗੱਲ ਸਹੀ ਨਹੀਂ ਹੁੰਦੀ, ਪਰ ਕੋਈ ਗੱਲ ਸਿਰਫ਼ ਪੁਰਾਣੀ ਹੋਣ ਕਰਕੇ ਗ਼ਲਤ ਵੀ ਨਹੀਂ ਹੋ ਜਾਂਦੀ। ਗੁਰਬਾਣੀ ਆਖਦੀ ਹੈ ਕਿ
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥
ਅਤੇ ਪੜ੍ਹੇ-ਲਿਖੇ ਅਨਪੜ੍ਹ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ ਕਿ
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
ਵੱਡਿਆਂ ਦੀਆਂ ਸੱਚੀਆਂ ਤੇ ਸਿੱਖਿਆਦਾਇਕ ਗੱਲਾਂ ਮੰਨ ਕੇ ਉਨ੍ਹਾਂ ਅਨੁਸਾਰ ਚੱਲਣ ਵਾਲਾ ਹੀ ਸਪੁੱਤਰ ਹੈ। ਜਿਹੜਾ ਗਿਆਨ ਤੋਂ ਸਿੱਖਦਾ ਹੈ, ਉਹ ਅੱਖਰ ਨਾ ਜਾਣਦਾ ਹੋਇਆ ਵੀ ‘ਪੜ੍ਹ-ਦਾਦਾ’ ਹੈ; ਪਰ ਲੋਭ ਅਤੇ ਹੰਕਾਰ ਵਿੱਚ ਫਸਿਆ ਮਨੁੱਖ ਪੜ੍ਹ-ਲਿਖ ਕੇ ਵੀ ‘ਅਨਪੜ੍ਹ-ਦਾਦਾ’ ਹੀ ਰਹਿੰਦਾ ਹੈ।
ਲਾਭ ਸਿੰਘ ਨੇ ਮੁੜ ਕਾਗਜ਼ ਪੜ੍ਹਿਆ।
ਲਾਭ ਸਿੰਘ : ਚਲੋ ਠੀਕ ਹੈ, ਨਾ ਕੰਧ ਉੱਚੀ ਕਰਵਾਉਂਦੇ ਹਾਂ ਅਤੇ ਨਾ ਹੀ ਬੋਹੜ ਦੀਆਂ ਟਾਹਣੀਆਂ ਵੱਢਦੇ ਹਾਂ।
ਮਨਵੀਰ ਆਪਣੀ ਕਾਪੀ ਵਿੱਚ ਲਿਖਣ ਲੱਗਾ ਕਿ “ਮੇਰੇ ਪੜਦਾਦੇ ਆਪ ਕਿਤਾਬ ਨਹੀਂ ਪੜ੍ਹ ਸਕਦੇ ਸਨ, ਪਰ ਉਨ੍ਹਾਂ ਨੇ ਜ਼ਿੰਦਗੀ ਨੂੰ ਪੜ੍ਹਿਆ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਨਪੜ੍ਹ ਰਹਿਣ ਤੋਂ ਬਚਾ ਲਿਆ।”
ਦਾਦੇ ਨੇ ਖ਼ੁਸ਼ ਹੋ ਕੇ ਉਸ ਦੀ ਪਿੱਠ ਥਾਪੜੀ।
ਮਨਵੀਰ : ਦਾਦਾ ਜੀ, ਅਨਪੜ੍ਹ-ਦਾਦੇ ਬਾਰੇ ਵੀ ਇੱਕ ਲਾਈਨ ਲਿਖ ਦੇਵਾਂ ?
ਜੋਗਿੰਦਰ ਸਿੰਘ : ਕੀ ਲਿਖੇਂਗਾ ?
ਮਨਵੀਰ : “ਉਹ ਪੜ੍ਹ ਤਾਂ ਲੈਂਦੇ ਸਨ, ਪਰ ਆਪਣੀ ਗੱਲ ਤੋਂ ਅੱਗੇ ਕੁਝ ਪੜ੍ਹਦੇ ਹੀ ਨਹੀਂ ਸਨ!”
ਦਾਦੀ ਨੇ ਲਾਭ ਸਿੰਘ ਵੱਲ ਵੇਖ ਕੇ ਕਿਹਾ : ਪੁੱਤਰਾ, ਉਹ ਲਾਈਨ ਪੈਨ ਨਾਲ ਨਾ ਲਿਖੀਂ, ਪੈਨਸਿਲ ਨਾਲ ਲਿਖੀਂ ਕਿਓਂਕਿ ਸਾਡੇ ਘਰ ਵਿੱਚ ਅਜੇ ਵੀ ਕੋਈ-ਕੋਈ ਉਸੇ ਜਮਾਤ ਵਿੱਚ ਪੜ੍ਹਦਾ ਹੈ !
ਲਾਭ ਸਿੰਘ ਚੁੱਪਚਾਪ ਬੋਹੜ ਹੇਠਾਂ ਡਿੱਗੇ ਪੱਤੇ ਚੁੱਕਣ ਲੱਗ ਪਿਆ।
Leave a Comment