ਸਫ਼ਰ ਦੇ ਹਾਣੀ ! (ਨਿੱਕੀ ਕਹਾਣੀ)
ਪਿੰਡ ਵਿੱਚ ਡਾ. ਹਰਜੀਤ ਸਿੰਘ ਦੇ ਇੱਕ ਕਾਲਜ ਦਾ ਪ੍ਰਿੰਸੀਪਲ ਬਣਨ ਦੀ ਖ਼ੁਸ਼ੀ ਵਿੱਚ ਉਚੇਚਾ ਸਮਾਗਮ ਰੱਖਿਆ ਗਿਆ ਸੀ।
ਹਰਜੀਤ ਸਿੰਘ ਨੇ ਸਟੇਜ ਤੋਂ ਕਿਹਾ :
ਮੈਂ ਬੜੀਆਂ ਔਕੜਾਂ ਸਹਿ ਕੇ ਅਤੇ ਮਿਹਨਤ ਕਰਕੇ ਇਸ ਮੰਜ਼ਿਲ ਤੱਕ ਅੱਪੜਿਆ ਹਾਂ।
ਪਿੱਛੇ ਬੈਠਾ ਉਸ ਦਾ ਬਚਪਨ ਦਾ ਮਿੱਤਰ ਲਾਭ ਸਿੰਘ ਹੌਲੀ ਜਿਹੀ ਆਵਾਜ਼ ਵਿੱਚ ਬੋਲਿਆ :
ਇਕੱਲਾ ਤਾਂ ਇਹ ਕਦੇ ਸਕੂਲ ਵੀ ਨਹੀਂ ਗਿਆ। ਸਾਈਕਲ ਮੇਰੀ ਹੁੰਦੀ ਸੀ ਅਤੇ ਪਿੱਛੇ ਬਸਤਾ ਫੜ ਕੇ ਇਹ ਬੈਠਦਾ ਸੀ!
ਲੋਕ ਹੱਸ ਪਏ।
ਹਰਜੀਤ ਦੇ ਦਾਦਾ ਗੁਰਬਚਨ ਸਿੰਘ ਨੇ ਮਾਈਕ ਸੰਭਾਲਦਿਆਂ ਕਿਹਾ :
ਪੁੱਤਰਾ, ਮੰਜ਼ਿਲ ਭਾਵੇਂ ਇੱਕ ਮਨੁੱਖ ਨੂੰ ਮਿਲਦੀ ਹੈ, ਪਰ ਸਫ਼ਰ ਕਦੇ ਇਕੱਲਾ ਨਹੀਂ ਹੁੰਦਾ। ਕੋਈ ਰਾਹ ਵਿਖਾਉਂਦਾ ਹੈ, ਕੋਈ ਹੌਸਲਾ ਦਿੰਦਾ ਹੈ ਅਤੇ ਕੋਈ ਡਿੱਗਣ ਵੇਲੇ ਬਾਂਹ ਫੜਦਾ ਹੈ। ਇਹ ਸਾਰੇ ਉਸ ਸਫ਼ਰ ਦੇ ਹਾਣੀ ਅਤੇ ਗਵਾਹ ਹੁੰਦੇ ਹਨ।
ਫਿਰ ਦਾਦੇ ਨੇ ਬੜੇ ਸਤਿਕਾਰ ਨਾਲ ਕਿਹਾ :
ਗੁਰੂ ਨਾਨਕ ਪਾਤਸ਼ਾਹ ਦੀ ਰੂਹਾਨੀ ਉੱਚਤਾ ਦੀ ਕਿਸੇ ਆਮ ਮਨੁੱਖੀ ਪਦਵੀ ਨਾਲ ਤੁਲਨਾ ਨਹੀਂ ਹੋ ਸਕਦੀ। ਪਰ ਉਨ੍ਹਾਂ ਦੇ ਜੀਵਨ-ਸਫ਼ਰ ਤੋਂ ਸਾਨੂੰ ਸਾਥ ਦੀ ਮਰਿਆਦਾ ਜ਼ਰੂਰ ਸਿੱਖਣੀ ਚਾਹੀਦੀ ਹੈ। ਭਾਈ ਮਰਦਾਨਾ ਜੀ ਰਬਾਬ ਲੈ ਕੇ ਲੰਮੇ ਸਫ਼ਰਾਂ ਵਿੱਚ ਗੁਰੂ ਸਾਹਿਬ ਦੇ ਨਾਲ ਤੁਰੇ। ਉਨ੍ਹਾਂ ਨੇ ਰਾਹ ਦੀਆਂ ਔਕੜਾਂ ਵੀ ਸਹੀਆਂ ਅਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਦਿਆਂ ਵੀ ਵੇਖਿਆ।
ਕਾਫ਼ਿਲਾ ਭੀੜ ਇਕੱਠੀ ਕਰਨ ਨਾਲ ਨਹੀਂ ਬਣਦਾ। ਜਦੋਂ ਕਿਸੇ ਦੇ ਰਾਹ ਵਿੱਚ ਸੱਚ ਅਤੇ ਜੀਵਨ ਵਿੱਚ ਗੁਣ ਹੁੰਦੇ ਹਨ ਤਾਂ ਗੁਣੀ ਮਨੁੱਖ ਆਪ ਉਸ ਨਾਲ ਜੁੜਦੇ ਜਾਂਦੇ ਹਨ। ਮੰਜ਼ਿਲ ਉੱਤੇ ਪਹੁੰਚ ਕੇ ਆਪਣੇ ਸਾਥੀਆਂ ਨੂੰ ਭੁੱਲ ਜਾਣ ਵਾਲਾ ਮਨੁੱਖ ਅਹੁਦਾ ਤਾਂ ਪਾ ਲੈਂਦਾ ਹੈ, ਪਰ ਵੱਡਾ ਨਹੀਂ ਬਣਦਾ।
ਹਰਜੀਤ ਸਿੰਘ ਨੇ ਲਾਭ ਸਿੰਘ ਨੂੰ ਸਟੇਜ ਉੱਤੇ ਬੁਲਾ ਕੇ ਗਲੇ ਲਾਇਆ ਅਤੇ ਕਿਹਾ :
ਲਾਭ ਸਿੰਘ, ਤੂੰ ਮੇਰੇ ਇਸ ਸਫ਼ਰ ਦਾ ਪਹਿਲਾ ਸਾਥੀ ਅਤੇ ਪਹਿਲਾ ਸਾਈਕਲ ਮੰਤਰੀ ਸੀ! ਤੇਰੀ ਸੰਗਤ ਨੇ ਮੈਨੂੰ ਬਹੁਤ ਸਾਰੇ ਔਗੁਣਾਂ ਤੋਂ ਬਚਾ ਕੇ ਰੱਖਿਆ। ਜਦੋਂ-ਜਦੋਂ ਮੈਂ ਥਿੜਕਿਆ, ਤੂੰ ਮੇਰੀ ਤਾਕਤ ਬਣਿਆ ਅਤੇ ਅੱਜ ਮੇਰੀ ਕਾਮਯਾਬੀ ਵੇਲੇ ਵੀ ਮੇਰੇ ਨਾਲ ਖੜ੍ਹਾ ਹੈਂ!
ਲਾਭ ਸਿੰਘ : ਸਾਈਕਲ ਮੰਤਰੀ ਨਹੀਂ, ਸਗੋਂ ਪੈਡਲ ਮੰਤਰੀ! ਪੈਡਲ ਮੈਂ ਮਾਰਦਾ ਸੀ ਅਤੇ ਘੰਟੀ ਤੂੰ ਵਜਾਉਂਦਾ ਸੀ। ਲੱਗਦਾ ਹੈ ਘੰਟੀ ਵਜਾਉਂਦਾ-ਵਜਾਉਂਦਾ ਕਾਲਜ ਦੀ ਘੰਟੀ ਦਾ ਮਾਲਕ ਬਣ ਬੈਠਾ ਹੈਂ! ਚੰਗਾ ਹੋਇਆ ਮੇਰੇ ਕੋਲ ਰਿਕਸ਼ਾ ਨਹੀਂ ਸੀ, ਨਹੀਂ ਤਾਂ ਤੂੰ ਮੈਨੂੰ ‘ਰਿਕਸ਼ਾ ਮੰਤਰੀ’ ਕਹਿ-ਕਹਿ ਕੇ ‘ਰੱਖਿਆ ਮੰਤਰੀ’ ਹੀ ਬਣਾ ਦੇਣਾ ਸੀ!
ਦੋਸਤਾਂ ਦੇ ਇਸ ਪਿਆਰ ਭਰੇ ਮਜ਼ਾਕ ’ਤੇ ਸਾਰੇ ਹੱਸ ਪਏ ਅਤੇ ਹਰਜੀਤ ਸਿੰਘ ਨੇ ਨਿਮਰਤਾ ਨਾਲ ਸਿਰ ਝੁਕਾ ਲਿਆ।
Leave a Comment