ਸ਼ੀਸ਼ਾ ਆਪਣੇ ਵੱਲ ਵੀ ! (ਨਿੱਕੀ ਕਹਾਣੀ)
ਗੁਰਦੁਆਰੇ ਵਿੱਚ ਸੇਵਾ ਚੱਲ ਰਹੀ ਸੀ।
ਇੱਕ ਸਿੱਖ ਦੀ ਰੰਗੀ ਹੋਈ ਦਾਹੜੀ ਵੇਖ ਕੇ ਦੂਜਾ ਸਿੱਖ ਮੂੰਹ ਜਿਹਾ ਬਣਾ ਕੇ ਬੋਲਿਆ:
“ਇਹੋ ਜਿਹੇ ਬੰਦੇ ਵੀ ਸੇਵਾ ਕਰਨ ਆ ਜਾਂਦੇ ਨੇ!”
ਕੋਲ ਖੜ੍ਹੇ ਬਜ਼ੁਰਗ ਨੇ ਪੁੱਛਿਆ, “ਕਿਉਂ ਬਈ, ਕੀ ਹੋ ਗਿਆ?”
“ਦਾਹੜੀ ਰੰਗਦਾ ਹੈ। ਤਨਖ਼ਾਹੀਆ ਨਹੀਂ ਤਾਂ ਹੋਰ ਕੀ ਹੈ?”
ਬਜ਼ੁਰਗ ਨੇ ਕਿਹਾ, “ਦਾਹੜੀ ਰੰਗਣ ਵਾਲੇ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਕਦੇ ਆਪਣੇ ਵੱਲ ਵੀ ਵੇਖਿਆ?”
ਉਹ ਬੋਲਿਆ, “ਮੈਂ ਕੀ ਕੀਤਾ?”
ਬਜ਼ੁਰਗ ਨੇ ਯਾਦ ਕਰਵਾਇਆ, “ਹੁਣੇ ਤੂੰ ਬਾਹਰ ਕਿਸੇ ਨੂੰ ਗਾਲ੍ਹਾਂ ਕੱਢ ਰਿਹਾ ਸੀ। ਉਹ ਤਾਂ ਮੂੰਹੋਂ ਨਿਕਲ ਗਈਆਂ ਹੋਣਗੀਆਂ, ਹੈ ਨਾ?”
ਉਹ ਬੋਲਿਆ, “ਬੱਸ ਜੀ, ਗੁੱਸੇ ਵਿੱਚ ਨਿਕਲ ਜਾਂਦੀਆਂ ਨੇ!”
ਬਜ਼ੁਰਗ ਮੁਸਕਰਾ ਕੇ ਬੋਲੇ : “ਆਪਣੀ ਗ਼ਲਤੀ ਗੁੱਸਾ ਬਣ ਜਾਂਦੀ ਹੈ, ਦੂਜੇ ਦੀ ਗ਼ਲਤੀ ਸਿੱਖੀ ਦਾ ਮੁੱਦਾ!”
ਫਿਰ ਬਜ਼ੁਰਗ ਨੇ ਯਾਦ ਕਰਵਾਇਆ :
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੇਬਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥
“ਪੁੱਤ, ਦੂਜੇ ਦੇ ਔਗੁਣ ਲੱਭਣ ਤੋਂ ਪਹਿਲਾਂ ਆਪਣੇ ਅੰਦਰ ਵੀ ਝਾਤ ਮਾਰ ਲਿਆ ਕਰ। ਗੁਰਦੁਆਰੇ ਵਿੱਚ ਸੇਵਾ ਸਿਰਫ਼ ਹੱਥਾਂ ਨਾਲ ਨਹੀਂ, ਆਪਣੇ ਕਿਰਦਾਰ ਨੂੰ ਸੁਧਾਰਨ ਲਈ ਵੀ ਹੁੰਦੀ ਹੈ।”
ਉਹ ਚੁੱਪ ਹੋ ਗਿਆ।
ਉਸ ਦਿਨ ਸੇਵਾ ਤਾਂ ਪਹਿਲਾਂ ਵਾਂਗ ਹੀ ਚੱਲਦੀ ਰਹੀ, ਪਰ ਬਜ਼ੁਰਗ ਦੀ ਗੱਲ ਉਸ ਦੇ ਮਨ ਵਿੱਚ ਬੈਠ ਗਈ।
ਦੂਜੇ ਦੀ ਰਹਿਤ ’ਤੇ ਉਂਗਲ ਚੁੱਕਣੀ ਸੌਖੀ ਹੈ, ਆਪਣੇ ਕਿਰਦਾਰ ਨੂੰ ਸੁਧਾਰਨਾ ਔਖਾ।
ਸਿੱਖੀ ਦਾ ਰਾਹ ਦੂਜਿਆਂ ਨੂੰ ਨੀਵਾਂ ਵਿਖਾ ਕੇ ਨਹੀਂ, ਆਪਣੇ ਆਪ ਨੂੰ ਸੁਧਾਰ ਕੇ ਤੈਅ ਹੁੰਦਾ ਹੈ।
Leave a Comment