ਸਿਆਸੀ ਦੀ ਘੰਟੀ ! (ਨਿੱਕੀ ਕਹਾਣੀ)
ਪਰ ਉਹ ਧਾਰਮਿਕ ਆਗੂ ਕਹਿੰਦਾ ਹੈ, ਕਿ ਤੁਸੀਂ ਸਾਡੇ ਕਹਿਣ ਤੇ ਭੁੱਖ ਹੜਤਾਲ ਬੰਦ ਕਰ ਦਿਓ, ਤੇ ਅਸੀਂ ਜਲਦੀ ਹੀ ਇਸ ਗੱਲ ਬਾਰੇ ਆਪਣੇ ਸਿਆਸੀ ਆਗੂ ਨੂੰ ਗੱਲ ਕਰਾਂਗੇ ! (ਰਣਜੀਤ ਸਿੰਘ ਦੱਸ ਰਿਹਾ ਸੀ)
ਕਰਮਜੀਤ ਸਿੰਘ : ਮੈਂ ਵੀ ਤੇ ਤੁਹਾਡੇ ਨਾਲ ਸੀ ! ਓਹ ਆਗੂ ਕਹਿੰਦਾ ਹੈ ਕਿ ਜਿਵੇਂ ਤੁਸੀਂ ਕਿਸੀ ਦੇ ਘਰ ਜਾ ਕੇ ਘੰਟੀ ਵਜਾਂਦੇ ਹੋ, ਤੇ ਕੁਝ ਸਮਾਂ ਦਰਵਾਜ਼ਾ ਖੁਲਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਕਿਓਂਕਿ ਦਰਵਾਜ਼ਾ ਖੋਲਣ ਵਾਲਾ ਚਲ ਕੇ ਆਉਂਦਾ ਹੈ ਨਾ ਕੀ ਉੱਡ ਕੇ ! "ਕਮਾਲ ਹੈ ! ਇਤਨੇ ਸਾਲ ਬਾਅਦ ਵੀ ਇਨ੍ਹਾਂ ਨੂੰ ਸਮਾਂ ਚਾਹੀਦਾ ਹੈ?"
ਰਣਜੀਤ ਸਿੰਘ : ਜ਼ਮੀਰ ਦੇ ਦਰਵਾਜ਼ੇ 'ਤੇ ਘੰਟੀ ਮਾਰਿਆਂ ਦਰਵਾਜ਼ੇ ਖੁਲ ਜਾਂਦੇ ਹਨ, ਪਰ ਜਿਸ ਮਨੁੱਖ ਦੀ ਜ਼ਮੀਰ ਮਰ ਚੁੱਕੀ ਹੋਵੇ, ਉਸਨੂੰ ਕੋਈ ਘੰਟੀ ਦੀ ਆਵਾਜ਼ ਨਹੀਂ ਆਉਂਦੀ, ਕਿਓਂਕਿ ਮਰੀ ਹੋਈ ਜ਼ਮੀਰ ਉਸ ਘੰਟੀ ਵਾਂਗ ਹੈ, ਜਿਸਦਾ ਬਿਜਲੀ ਦਾ ਕੁਨੇਕਸ਼ਨ ਕੱਟਿਆ ਹੋਇਆ ਹੈ; ਇਸ ਕਰਕੇ ਆਉਣ ਵਾਲਾ ਕਦੀ ਵੀ ਦਰਵਾਜ਼ਾ ਖੋਲਣ ਨਹੀਂ ਆਉਂਦਾ ! ਓਹ ਆਪਣੀ ਹਉਮੈ ਦੇ ਬੇਡਰੂਮ ਵਿੱਚ ਮਾਇਆ ਨਾਲ ਜੱਫੀਆਂ ਪਾ ਕੇ ਘੁੱਕ ਸੁੱਤਾ ਪਿਆ ਰਹਿੰਦਾ ਹੈ ! (ਫਿੱਕੀ ਹਸੀ ਹਸਦਾ ਹੈ)
ਕਰਮਜੀਤ ਸਿੰਘ : ਫਿਰ ਕੀ ਰਾਹ ਹੈ, ਦਰਵਾਜ਼ਾ ਖੁਲਵਾਉਣ ਦਾ ?
ਰਣਜੀਤ ਸਿੰਘ : ਸੁੱਤਿਆਂ ਨੂੰ ਜਗਾਣਾ ਔਖਾ ਨਹੀਂ, ਪਰ ਜੋ ਜਾਣ ਬੂਝ ਕੇ ਨਿੰਦਰ ਵਿਚ ਹੋਣ ਦੀ ਐਕਟਿੰਗ ਕਰੇ, ਉਸਨੂੰ ਕੌਣ ਜਗਾਵੇ ? ਇਤਨੇ ਸਾਲਾਂ ਤੋਂ ਜੋ ਦਰਵਾਜ਼ਾ ਘੰਟੀਆਂ ਦੀ ਆਵਾਜ਼ਾਂ ਸੁਣ ਸੁਣ ਕੇ ਵੀ ਨਹੀਂ ਖੁਲਿਆ ਤੇ ਫਿਰ ਓਹ ਦਰਵਾਜ਼ਾ ਗੁਰਮਤ ਦਾ ਨਹੀਂ ਹੋ ਸਕਦਾ ! ਆਪਣੀ ਜਾਨ ਦੇਣ ਨਾਲ ਗੱਲ ਨਹੀਂ ਪੁਗਣੀ ! ਵੱਡੀ ਹਕੂਮਤ ਨਾਲ ਟਾਕਰਾ ਔਖਾ ਹੈ ! ਖਿਚੜੀ ਖਾਣੀ ਹੋਵੇ ਤਾਂ ਸਹੀ ਤਰੀਕਾ ਹੈ, ਕੀ ਪਹਿਲਾਂ ਬਾਹਰੋਂ ਬਾਹਰੋਂ ਖਾਦੀ ਜਾਵੇ, ਜੇਕਰ ਵਿਚਕਾਰੋਂ ਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣਾ ਹੀ ਮੁੰਹ ਜਲੇਗਾ !
ਕਰਮਜੀਤ ਸਿੰਘ : ਫਿਰ ਕੀ ਕਰੀਏ ? ਹੱਥ ਤੇ ਹੱਥ ਰੱਖ ਕੇ ਬੈਠ ਜਾਈਏ ?
ਰਣਜੀਤ ਸਿੰਘ : ਨਹੀਂ ! ਉਨੀਵੀਂ ਸਦੀ ਦੇ ਸ਼ੁਰੁਆਤ ਵਿਚ ਇੱਕ ਲਹਿਰ ਨੇ ਜਨਮ ਲਿਆ ਸੀ; ਸਿੰਘ ਸਭਾ ਲਹਿਰ, ਜਿਸਨੇ ਪੁਰਾਣੇ ਨਿਜ਼ਾਮ ਬਦਲ ਕੇ ਰੱਖ ਦਿੱਤੇ ! ਅੱਜ ਫਿਰ ਜਰੂਰਤ ਹੈ ਕੀ ਕੌਮੀ ਨਿਜ਼ਾਮ ਬਦਲ ਦਿੱਤਾ ਜਾਵੇ ! ਧਰਮ ਉੱਤੇ ਕਾਬਿਜ਼ ਸਿਆਸਿਆਂ ਨੂੰ ਥੱਲੇ ਲਾ ਦਿੱਤਾ ਜਾਵੇ ! ਜਰੂਰਤ ਹੈ ਅੱਜ .. "ਚਾਬੀਆਂ ਦੇ ਮੋਰਚੇ" ਨੂੰ ਮੁੜ ਸੁਰਜੀਤ ਕਰਨ ਦੀ !
ਕਰਮਜੀਤ ਸਿੰਘ (ਸਿਰ ਹਿਲਾਉਂਦਾ ਹੋਇਆ) : ਘਰ ਵਿੱਚ ਗੰਦਗੀ ਆ ਜਾਵੇ ਤੇ ਉਸਨੂੰ ਝਾੜੂ ਮਾਰ ਕੇ ਸਾਫ਼ ਕਰਨ ਵਿੱਚ ਕੋਈ ਹਰਜ਼ ਨਹੀਂ ਹੁੰਦਾ, ਕਿਓਂਕਿ ਗੰਦੇ ਘਰ ਕੋਈ ਮਹਿਮਾਨ ਵੀ ਆ ਜਾਵੇ ਤੇ ਬਹੁਤ ਸ਼ਰਮਿੰਦਗੀ ਹੁੰਦੀ ਹੈ ! ਬਾਰ ਬਾਰ ਘੰਟੀ ਮਾਰਨ ਤੇ ਜੇਕਰ ਜਵਾਬ ਨਹੀਂ ਆਉਂਦਾ, ਤਾਂ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਹੱਥਾਂ ਨਾਲ ਉਸ ਦਰਵਾਜ਼ੇ ਨੂੰ ਖੜਕਾਈਏ !
Leave a Comment