ਇਹ ਲੱਡੂ ਖਾ ਲੈਣਾ ਚੰਗਾ ! (ਨਿੱਕੀ ਕਹਾਣੀ)
ਮੈਂ ਵਿਆਹ ਨਹੀਂ ਕਰਵਾਉਣਾ ! ਜਿੰਨੂੰ ਵੇਖੋ ਓਹੀ ਦੁਖੀ ਹੈ ! (ਮਨਜੀਤ ਜੋਰ ਜੋਰ ਦੀ ਬੋਲ ਰਿਹਾ ਸੀ)
ਬਲਵਿੰਦਰ ਸਿੰਘ : ਕੀ ਗੱਲ ਹੋ ਗਈ ਕਾਕੇ ?
ਮਨਜੀਤ : ਵੀਰ ਜੀ, ਮੈਂ ਜਿਸਨੂੰ ਵੀ ਵੇਖਦਾਂ ਹਾਂ ਓਹੀ ਮੈਨੂੰ ਪਰੇਸ਼ਾਨ ਦਿਸਦਾ ਹੈ ! ਦੋ ਦਿਨ ਖੁਸ਼ ਦਿੱਸੇਗਾ ਤੇ ਅਗਲੇ ਪੰਜ ਦਿਨ ਰੋੰਦੂ ਜਿਹਾ ਬੂਥਾ ਬਣਾ ਕੇ ਬੈਠਾ ਹੁੰਦਾ ਹੈ ! ਪੁਛੋ ਤੇ ਅੱਗੇ ਪਤਾ ਚਲਦਾ ਹੈ ਕਿ ਅੱਜ ਵਹੁਟੀ ਨਾਲ ਪੰਗਾ ਹੋ ਗਿਆ ! ਅੱਜ ਇਹ ਬੋਲੀ .. ਅੱਜ ਓਹ ਬੋਲੀ !
ਬਲਵਿੰਦਰ ਸਿੰਘ : ਕੁਝ ਹੋਰ ਵੀ ਬੋਲਣਾ ਹੈ ਤੇ ਹੁਣੇ ਬੋਲ ਦੇ ! (ਹਸਦਾ ਹੈ)
ਮਨਜੀਤ : ਹੋਰ ਕੀ ਹੈ ਬੋਲਣ ਨੂੰ .. ਵਿਆਹ ਤੇ ਨਿਰਾ ਨਰਕ ਦਾ ਦੁਆਰ ਹੈ !
ਬਲਵਿੰਦਰ ਸਿੰਘ : ਚੱਲ ਇੱਕ ਗੱਲ ਦੱਸ ਕੀ ਜਦੋਂ ਤੂੰ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਹੁੰਦਾ ਹੈ ਤੇ ਕੀ ਤੂੰ ਘਰੋਂ ਤੱਦ ਹੀ ਨਿਕਲਦਾ ਹੈ ਜਦੋਂ ਤੈਨੂੰ ਪੱਕਾ ਪਤਾ ਹੋਵੇ ਕੀ ਰਾਹ ਵਿਚ ਕੋਈ ਲਾਲ ਬੱਤੀ ਨਹੀਂ ਮਿਲੇਗੀ ?
ਮਨਜੀਤ : ਨਹੀਂ ਵੀਰ ਜੀ, ਇਹ ਕਿਵੇਂ ਹੋ ਸਕਦਾ ਹੈ ?
ਬਲਵਿੰਦਰ ਸਿੰਘ : ਹੱਛਾ, ਇਹ ਦੱਸ ਕੀ ਤੈਨੂੰ ਪੱਕਾ ਪਤਾ ਹੁੰਦਾ ਹੈ ਕੀ ਰਾਹ ਵਿਚ ਕੋਈ ਖੱਡਾ (ਟੋਆ) ਨਹੀਂ ਆਵੇਗਾ ? ਤੇਰੀ ਗੱਡੀ ਕੱਚੇ ਵਿਚ ਨਹੀਂ ਉਤਰੇਗੀ ? ਸਪੀਡ ਬ੍ਰੇਕਰ ਨਹੀਂ ਆਵਣਗੇ ? ਰਾਹ ਸਾਫ਼ ਹੀ ਮਿਲੇਗਾ ?
ਮਨਜੀਤ : ਨਹੀਂ ਵੀਰ ਜੀ ! ਇਸ ਤਰਾਂ ਥੋੜੀ ਹੁੰਦਾ ਹੈ ?
ਬਲਵਿੰਦਰ ਸਿੰਘ : ਓਹੀ ਤੇ ਵੀਰ, ਜਿੰਦਗੀ ਦੀ ਰਾਹ ਵਿਚ ਜਦੋਂ ਅਸੀਂ ਵਿਆਹ ਕਰਦੇ ਹਾਂ ਤੇ ਸਾਡਾ ਕੰਮ ਸਿਰਫ ਅਗਾਂਹ ਚਲਣਾ ਹੁੰਦਾ ਹੈ ਆਪਣੀ ਵਹੁਟੀ ਨਾਲ ! ਰਾਹ ਵਿਚ ਟਾਵਾਂ ਟਾਵਾਂ ਸਪੀਡ ਬ੍ਰੇਕਰ, ਖੱਡੇ, ਕੱਚੇ ਰਾਹ ਆਉਂਦੇ ਰਹਿਣਗੇ, ਪਰ ਤੂੰ ਚੱਲੀ ਚੱਲ ਕਿਓਂਕਿ ਇਹ ਤੇ ਕਦੀ ਕਦੀ ਆਉਂਦੇ ਨੇ … ਜਿਆਦਾਤਰ ਰਾਹ ਤੇ ਪਧਰਾ (ਇੱਕ ਸਾਰ) ਹੁੰਦਾ ਹੈ ਜੋ ਕੀ ਅਨੰਦ ਦਿੰਦਾ ਹੈ ਤੇ ਸਫ਼ਰ ਨੂੰ ਅਸਾਨ ਕਰ ਦਿੰਦਾ ਹੈ ! ਪਰਮਾਤਮਾ ਦੇ ਰਾਹ ਵਿਚ ਵਿਆਹ ਇੱਕ ਪੜਾਓ ਹੈ ਕਿਓਂਕਿ ਇਹ ਤੁਹਾਨੂੰ ਜੀਵਨ ਜਾਚ ਤੇ ਪ੍ਰਭੁ ਪਿਆਰ ਸਿਖਾਉਂਦਾ ਹੈ !
ਮਨਜੀਤ : ਹੈ ? ਵਿਆਹ ਤੇ ਪ੍ਰਭੁ ਪਿਆਰ ਦਾ ਕੀ ਮੇਲ ?
ਬਲਵਿੰਦਰ ਸਿੰਘ : ਅਸੀਂ ਸਭ ਪਰਮਾਤਮਾ ਦਿਆਂ ਪਤਨੀਆਂ ਹਾਂ ਤੇ ਓਹ ਪੁਰਖ ਹੈ ! ਜਦੋਂ ਅਸੀਂ ਅਪਨੇ ਵਿਆਹਤਾ ਜੀਵਣ ਵਿਚ ਇੱਕ ਦੂਜੇ ਨਾਲ ਮਿਲ ਕੇ ਚਲਦੇ ਹਾਂ ਤੇ ਰੱਬੀ ਹੁਕਮ ਪੂਰਾ ਹੋ ਰਿਹਾ ਹੁੰਦਾ ਹੈ ਤੇ ਪਰਮਾਤਮਾ ਸਾਨੂੰ ਵਿਖਾ ਰਿਹਾ ਹੁੰਦਾ ਹੈ ਕੀ ਜੇਕਰ ਤੁਸੀਂ ਪ੍ਰਭੁ ਵਾਲੇ ਗੁਣ (ਵਫਾ ਕਰਨੀ, ਦਵੈਤ ਨਹੀਂ ਕਰਨੀ, ਮਾਫ਼ ਕਰਨਾ, ਪਿਆਰ ਕਰਨਾ, ਭੁੱਲਾਂ ਵਿਸਾਰ ਦੇਣੀਆਂ, ਭਰੋਸਾ ਰਖਣਾ ਆਦਿ ਆਦਿ) ਅਪਨੇ ਵਿਚ ਲੈ ਆਵੋਗੇ ਤੇ ਤੁਹਾਡੇ ਪ੍ਰਭੁ ਭਗਤੀ ਦੇ ਮਾਰਗ ਵਿਚੋਂ ਦਿੱਕਤਾਂ ਘੱਟ ਆਉਣਗੀਆਂ ਤੇ ਤੁਹਾਡਾ ਪ੍ਰਭੁ ਪਿਆਰ ਦਾ ਰਾਹ ਸੌਖਾ ਹੋ ਜਾਵੇਗਾ ਤੇ ਸਹਿਜ ਅਨੰਦ ਦੀ ਪ੍ਰਾਪਤੀ ਹੋਵੇਗੀ !
ਮਨਜੀਤ : ਵਾਹ … ਵਾਹ … ਵਾਹ ! ਤੁਸੀਂ ਤੇ ਕਮਾਲ ਹੀ ਕਰ ਦਿੱਤੀ ਵੀਰ ਜੀ ! ਮੇਰਾ ਤੇ ਸਾਰਾ ਸ਼ੰਕਾ ਹੀ ਖਤਮ ਹੋ ਗਿਆ ! ਵਿਖਾਓ ਫੋਟੂਆਂ …. ਮੈਂ ਤੇ ਵਿਆਹ ਕਰਵਾਉਣਾ ਹੈ ਹੁਣ ! ਤੁਸੀਂ ਸਹੀ ਕਿਹਾ ਕੀ ਇਹ ਲੱਡੂ ਖਾ ਲੈਣਾ ਚੰਗਾ ਹੈ ! (ਹਸਦਾ ਹੈ)
Leave a Comment