ਜੋਸ਼ ਦਾ ਕੁੱਕਰ ! (ਨਿੱਕੀ ਕਹਾਣੀ)

Share this story: WhatsApp X

ਇੱਕ ਦਿਨ ਇੱਕ ਨੌਜਵਾਨ ਨੇ ਬਜ਼ੁਰਗ ਸਿੰਘ ਨੂੰ ਪੁੱਛਿਆ :
“ਬਾਬਾ ਜੀ, ਪੰਥ ਵਿੱਚ ਇੰਨਾ ਤਣਾਅ ਤੇ ਆਪਸੀ ਟਕਰਾਅ ਕਿਉਂ ਰਹਿੰਦਾ ਹੈ? ਹਰ ਧੜਾ ਆਪਣੀ ਗੱਲ ਮਨਵਾਉਣ ’ਤੇ ਅੜਿਆ ਰਹਿੰਦਾ ਹੈ!”

ਬਜ਼ੁਰਗ ਹੱਸਦੇ ਹੋਏ ਬੋਲੇ : “ਪੁੱਤ, ਕਦੇ ਪ੍ਰੈਸ਼ਰ ਕੁੱਕਰ ਵੇਖਿਆ ਹੈ?”

ਨੌਜਵਾਨ ਹੈਰਾਨ ਹੋ ਕੇ ਬੋਲਿਆ, “ਬਾਬਾ ਜੀ, ਪ੍ਰੈਸ਼ਰ ਕੁੱਕਰ ਦਾ ਪੰਥ ਨਾਲ ਕੀ ਸਬੰਧ?”

ਬਜ਼ੁਰਗ ਹੱਸ ਕੇ ਬੋਲੇ : “ਪੁੱਤ, ਕੁੱਕਰ ਵਿੱਚ ਪ੍ਰੈਸ਼ਰ ਹੋਣਾ ਵੀ ਜ਼ਰੂਰੀ ਹੈ ਤੇ ਉਸ ਦਾ ਸਹੀ ਤਰੀਕੇ ਨਾਲ ਰਿਲੀਜ਼ ਹੋਣਾ ਵੀ। ਦੋਹਾਂ ਦਾ ਸੰਤੁਲਨ ਹੋਵੇ ਤਾਂ ਸੁਆਦਲਾ ਭੋਜਨ ਬਣਦਾ ਹੈ। ਪਰ ਜੇ ਪ੍ਰੈਸ਼ਰ ਬਾਹਰ ਨਿਕਲਣ ਦਾ ਰਾਹ ਹੀ ਬੰਦ ਹੋ ਜਾਵੇ ਤਾਂ ਕੁੱਕਰ ਫਟ ਵੀ ਸਕਦਾ ਹੈ ਅਤੇ ਆਪਣਾ ਹੀ ਨਹੀਂ, ਆਲੇ-ਦੁਆਲੇ ਦਾ ਵੀ ਨੁਕਸਾਨ ਕਰ ਸਕਦਾ ਹੈ।”

ਨੌਜਵਾਨ ਬੋਲਿਆ, “ਤਾਂ ਕੀ ਪੰਥ ਵਿੱਚ ਵੀ ਪ੍ਰੈਸ਼ਰ ਰਿਲੀਜ਼ ਹੋਣਾ ਚਾਹੀਦਾ ਹੈ?”

ਬਜ਼ੁਰਗ ਨੇ ਮੁਸਕਰਾ ਕੇ ਕਿਹਾ : “ਬਿਲਕੁਲ ਪੁੱਤ! ਪੰਥਕ ਜੋਸ਼ ਵੀ ਜ਼ਰੂਰੀ ਹੈ ਤੇ ਸੰਜਮ ਵੀ। ਵਿਚਾਰਾਂ ਦਾ ਮਤਭੇਦ ਹੋਵੇ ਤਾਂ ਸੰਵਾਦ ਹੋਣਾ ਚਾਹੀਦਾ ਹੈ, ਨਾ ਕਿ ਆਪਸੀ ਟਕਰਾਅ। ਜੋਸ਼ ਨੂੰ ਹੋਸ਼ ਨਾਲ ਨਾ ਜੋੜਿਆ ਜਾਵੇ ਤਾਂ ਕਈ ਵਾਰ ਪੰਥਕ ਤਾਕਤ ਵੀ ਆਪਸੀ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ।”

ਨੌਜਵਾਨ ਹੱਸ ਕੇ ਬੋਲਿਆ : “ਬਾਬਾ ਜੀ, ਫਿਰ ਤਾਂ ਪੰਥ ਨੂੰ ਕੁੱਕਰ ਦੇ ਵਾਲਵ ਦੀ ਵੀ ਬਹੁਤ ਲੋੜ ਹੈ!”

ਬਜ਼ੁਰਗ ਹੱਸ ਪਏ : “ਹਾਂ ਪੁੱਤ, ਪਰ ਯਾਦ ਰੱਖੀਂ, ਹੋਸ਼ ਵਾਲੇ ਵਾਲਵ ਦਾ ਕੰਮ ਜੋਸ਼ ਵਾਲੇ ਕੁੱਕਰ ਦਾ ਪ੍ਰੈਸ਼ਰ ਖ਼ਤਮ ਕਰਨਾ ਨਹੀਂ, ਸਗੋਂ ਉਸ ਨੂੰ ਸਹੀ ਦਿਸ਼ਾ ਵਿੱਚ ਬਾਹਰ ਕੱਢਣਾ ਹੈ!”

Leave a Comment

Reader Comments