ਪਿਆਰ ! (ਨਿੱਕੀ ਕਹਾਣੀ)
“ਮਨਪ੍ਰੀਤ, ਤੂੰ ਮੇਰੇ ਨਾਲ ਗੁੱਸੇ ਕਿਉਂ ਐਂ?”
“ਕੋਈ ਗੱਲ ਨਹੀਂ।”
“ਕੋਈ ਗੱਲ ਨਹੀਂ ਤਾਂ ਫਿਰ ਮੂੰਹ ਕਿਉਂ ਬਣਾਇਆ?”
“ਤੈਨੂੰ ਮੇਰੀ ਕੋਈ ਕਦਰ ਹੀ ਨਹੀਂ।”
“ਚੰਗਾ… ਫਿਰ ਤੇਰੀ ਕਦਰ ਕਿਵੇਂ ਹੋਵੇਗੀ?”
“ਤੂੰ ਮੇਰੀ ਹਰ ਗੱਲ ਮੰਨਿਆ ਕਰ।”
ਹਰਪ੍ਰੀਤ ਚੁੱਪ ਕਰ ਗਿਆ। ਪਿਆਰ ਕਰਦਾ ਸੀ, ਇਸ ਕਰਕੇ ਉਸ ਦਾ ਰੁੱਸਣਾ, ਗੁੱਸਾ ਤੇ ਇਗਨੋਰ ਕਰਨਾ ਵੀ ਸਹਿ ਜਾਂਦਾ ਸੀ।
ਇੱਕ ਦਿਨ ਹਰਪ੍ਰੀਤ ਨੇ ਵੀ ਥੋੜ੍ਹਾ ਜਿਹਾ ਗੁੱਸਾ ਕਰ ਲਿਆ।
“ਹੁਣ ਤੂੰ ਮੇਰੇ ਨਾਲ ਇੰਝ ਗੱਲ ਕਰੇਂਗਾ?” ਮਨਪ੍ਰੀਤ ਹੰਝੂਆਂ ਨਾਲ ਬੋਲੀ।
ਹਰਪ੍ਰੀਤ ਹੌਲੀ ਜਿਹਾ ਹੱਸਿਆ : “ਮੇਰਾ ਥੋੜ੍ਹਾ ਜਿਹਾ ਗੁੱਸਾ ਵੀ ਤੈਥੋਂ ਸਹਾਰਿਆ ਨਹੀਂ ਜਾਂਦਾ… ਤੇ ਮੈਂ ਤੇਰਾ ਗੁੱਸਾ ਕਦੋਂ ਤੋਂ ਸਹਾਰ ਰਿਹਾ ਹਾਂ।”
ਮਨਪ੍ਰੀਤ ਚੁੱਪ ਹੋ ਗਈ।
ਥੋੜ੍ਹੀ ਦੇਰ ਬਾਅਦ ਬੋਲੀ, “ਤੂੰ ਮੇਰੇ ਨਾਲ ਗੁੱਸੇ ਐਂ?”
ਹਰਪ੍ਰੀਤ ਨੇ ਕਿਹਾ, “ਨਹੀਂ… ਬੱਸ ਥੱਕ ਗਿਆ ਹਾਂ ਤੈਨੂੰ ਸਮਝਾਉਂਦਿਆਂ।”
ਉਹ ਕੁਝ ਨਾ ਬੋਲੀ।
ਹਰਪ੍ਰੀਤ ਨੇ ਹੌਲੀ ਜਿਹਾ ਕਿਹਾ : “ਮੈਂ ਤੈਨੂੰ ਪਿਆਰ ਕਰਦਾ ਹਾਂ… ਇਸੇ ਕਰਕੇ ਅਜੇ ਵੀ ਤੇਰੇ ਨਾਲ ਹਾਂ। ਪਰ ਪਿਆਰ ਦਾ ਮਤਲਬ ਇਹ ਤਾਂ ਨਹੀਂ ਕਿ ਹਰ ਬੇਇੱਜ਼ਤੀ ਨੂੰ ਵੀ ਪਿਆਰ ਸਮਝ ਕੇ ਸਹਿੰਦਾ ਰਹਾਂ।”
Leave a Comment