ਰਿਕਸ਼ੇ ਵਾਲਾ ਰਾਗੀ ! (ਨਿੱਕੀ ਕਹਾਣੀ )

Share this story: WhatsApp X

“ਸੁਣਿਆ ਰਾਗੀ ਜੀ ਹੁਣ ਈ-ਰਿਕਸ਼ਾ ਚਲਾਉਂਦੇ ਹੋ?”
ਜਗਤਾਰ ਨੇ ਪੁੱਛਿਆ।

“ਹਾਂ, ਸਵੇਰੇ ਹਾਜ਼ਰੀ ਭਰਨ ਤੋਂ ਬਾਅਦ ਈ-ਰਿਕਸ਼ਾ ਚਲਾਉਂਦੇ ਹਾਂ ਤੇ ਸ਼ਾਮ ਨੂੰ ਕੀਰਤਨ ਕਰਦੇ ਹਾਂ ।”

“ਫਿਰ ਗੁਰਦੁਆਰੇ ਦੀ ਤਨਖਾਹ?”

“ਛੱਡ ਦਿੱਤੀ।”

“ਕਿਉਂ?”

“ਪ੍ਰਬੰਧਕ ਕਹਿੰਦੇ ਸੀ, ਜੇ ਸਾਡੀ ਗੱਲ ਨਹੀਂ ਮੰਨਣੀ ਤਾਂ ਸਾਡੇ ਕੋਲੋਂ ਤਨਖਾਹ ਵੀ ਨਾ ਲੈ।”

ਜਗਤਾਰ ਹੱਸ ਪਿਆ,
“ਫਿਰ ਘਰ ਕਿਵੇਂ ਚੱਲਦਾ?”

ਰਾਗੀ ਸਿੰਘ ਨੇ ਮੁਸਕਰਾ ਕੇ ਕਿਹਾ,
“ਕੰਮ ਕੋਈ ਵੱਡਾ-ਛੋਟਾ ਨਹੀਂ ਹੁੰਦਾ। ਹੁਣ ਰੋਟੀ ਆਪਣੀ ਕਿਰਤ ਤੋਂ ਆਉਂਦੀ ਹੈ, ਇਸ ਲਈ ਕਿਸੇ ਦੀ ਗੁਲਾਮੀ ਵੀ ਨਹੀਂ ਕਰਨੀ ਪੈਂਦੀ।”

“ਪਰ ਰਾਗੀ ਬਣਨ ਦਾ ਸੁਪਨਾ ਲੈ ਕੇ ਬੈਠੇ ਨੌਜਵਾਨ ਕੀ ਕਰਨ?”

“ਉਹੀ ਜੋ ਅੱਜ ਕਈ ਪੜ੍ਹੇ-ਲਿਖੇ ਨੌਜਵਾਨ ਕਰ ਰਹੇ ਨੇ ! ਕੋਈ ਨੌਕਰੀ ਕਰਦੇ ਨੇ, ਕਾਰੋਬਾਰ ਕਰਦੇ ਨੇ ਤੇ ਨਾਲ ਗੁਰੂ ਘਰ ਦੀ ਸੇਵਾ ਵੀ। ਕਿਉਂਕਿ ਸੇਵਾ ਟਹਿਲ ਵਿੱਚ ਉਨ੍ਹਾਂ ਨੂੰ ਅਸਲ ਆਨੰਦ ਮਿਲਦਾ ਹੈ, ਤਾੜਨਾ ਅਤੇ ਬੇਇੱਜਤੀ ਭਰੀ ਤਨਖਾਹ ਵਿੱਚ ਨਹੀਂ।”

ਜਗਤਾਰ ਨੇ ਕਿਹਾ,
“ਫਿਰ ਤਾਂ ਲੰਪਟ ਪ੍ਰਬੰਧਕਾਂ ਅਤੇ ਧਾਰਮਿਕ ਸਿਆਸੀਆਂ ਦੀ ਖੈਰ ਨਹੀਂ!”

ਰਾਗੀ ਸਿੰਘ ਹੱਸਿਆ,
“ਜਿਸ ਦਿਨ ਰਾਗੀ, ਪਾਠੀ, ਸੇਵਾਦਾਰ ਤੇ ਪ੍ਰਚਾਰਕ ਆਪਣੀ ਰੋਟੀ ਲਈ ਕਿਸੇ ਦੇ ਮੁਥਾਜ ਨਾ ਰਹੇ ਅਤੇ ਉੱਦਮੀ, ਕਿਰਤੀ ਤੇ ਗੁਰਮਤਿ ਵਾਲੇ ਨੌਜਵਾਨ ਇਸ ਸੇਵਾ ਵਿੱਚ ਆ ਗਏ, ਉਸ ਦਿਨ ਗੁਰਦੁਆਰੇ ਕਿਸੇ ਦੀ ਨਿੱਜੀ ਜਾਗੀਰ ਨਹੀਂ ਰਹਿਣਗੇ। ਫਿਰ ਪ੍ਰਬੰਧਕ ਵੀ ਉਹੀ ਆਉਣਗੇ, ਜਿਨ੍ਹਾਂ ਵਿੱਚ ਕਿਰਤ, ਇਮਾਨਦਾਰੀ ਤੇ ਗੁਰਮਤਿ ਹੋਵੇਗੀ।”

ਜਗਤਾਰ ਨੇ ਈ-ਰਿਕਸ਼ੇ ਵੱਲ ਵੇਖ ਕੇ ਕਿਹਾ,
“ਰਾਗੀ ਜੀ, ਇਹ ਤਾਂ ਈ-ਰਿਕਸ਼ਾ ਨਹੀਂ... ਪ੍ਰਬੰਧਕੀ ਆਜ਼ਾਦੀ ਦੀ ਗੱਡੀ ਲੱਗਦੀ ਐ!”

ਰਾਗੀ ਸਿੰਘ ਹੱਸ ਪਿਆ। ਸਹਿਜੇ ਹੀ ਉਸ ਮੂੰਹ ਤੋਂ ਗਾਣੇ ਦੇ ਬੋਲ ਨਿਕਲੇ
"ਓ ਗੱਡੀ ਜਾਂਦੀ ਹੈ, ਛੱਲਾਂਗਾ ਮਾਰਦੀ, ਮੈਨੂੰ ਯਾਦ ਆਵੇ ਮੇਰੇ ਯਾਰ (ਰੱਬ ) ਦੀ !"

Leave a Comment

Reader Comments