ਪੰਥਕ ਪ੍ਰਾਇਮਰੀ ਸਕੂਲ ! (ਨਿੱਕੀ ਕਹਾਣੀ)
ਪਿੰਡ ਦੇ ਪ੍ਰਾਇਮਰੀ ਸਕੂਲ ਦੇ ਹਾਲ ਵਿੱਚ ਪੰਥਕ ਆਗੂਆਂ ਦੀ ਇਕੱਤਰਤਾ ਹੋ ਰਹੀ ਸੀ। ਨਾਲ ਵਾਲੇ ਕਮਰੇ ਵਿੱਚ ਪਹਿਲੀ ਜਮਾਤ ਦੇ ਬੱਚੇ ਪੜ੍ਹ ਰਹੇ ਸਨ।
ਮੀਟਿੰਗ ਸ਼ੁਰੂ ਹੁੰਦਿਆਂ ਹੀ ਦੋ ਆਗੂ ਆਪਸ ਵਿੱਚ ਉਲਝ ਪਏ।
ਜਰਨੈਲ ਸਿੰਘ : ਇਸ ਨੇ ਸਮਾਗਮ ਦੇ ਪੋਸਟਰ ਉੱਤੇ ਆਪਣੀ ਫ਼ੋਟੋ ਵੱਡੀ ਅਤੇ ਮੇਰੀ ਫ਼ੋਟੋ ਛੋਟੀ ਲਗਵਾਈ ਹੈ!
ਬਲਦੇਵ ਸਿੰਘ : ਇਸ ਨੇ ਵੀ ਪਿਛਲੀ ਮੀਟਿੰਗ ਵਿੱਚ ਮੇਰੀ ਕੁਰਸੀ ਸਟੇਜ ਦੇ ਵਿਚਕਾਰ ਨਹੀਂ ਲੱਗਣ ਦਿੱਤੀ ਸੀ!
ਜਰਨੈਲ ਸਿੰਘ : ਇਸ ਨੇ ਮੇਰੇ ਨਾਂ ਅੱਗੇ ‘ਪੰਥਕ ਆਗੂ’ ਵੀ ਨਹੀਂ ਲਿਖਿਆ!
ਬਲਦੇਵ ਸਿੰਘ : ਤੇ ਇਸ ਨੇ ਮੈਨੂੰ ਮਾਈਕ ਉੱਤੇ ਆਪਣੇ ਨਾਲੋਂ ਦੋ ਮਿੰਟ ਘੱਟ ਬੋਲਣ ਦਿੱਤਾ ਸੀ!
ਰੌਲਾ ਸੁਣ ਕੇ ਪਹਿਲੀ ਜਮਾਤ ਦੇ ਮਾਸਟਰ ਹਰਭਜਨ ਸਿੰਘ ਹਾਲ ਵਿੱਚ ਆ ਗਏ।
ਮਾਸਟਰ ਜੀ : ਕਿਹੜਾ ਬੱਚਾ ਕਿਸ ਦੀ ਪੈਂਸਿਲ ਲੈ ਗਿਆ ਅਤੇ ਕਿਸ ਨੇ ਕਿਸ ਨੂੰ ਧੱਕਾ ਮਾਰਿਆ ਹੈ?
ਜਰਨੈਲ ਸਿੰਘ ਨੇ ਗੁੱਸੇ ਨਾਲ ਕਿਹਾ : ਮਾਸਟਰ ਜੀ, ਅਸੀਂ ਬੱਚੇ ਨਹੀਂ! ਪੰਥ ਦੇ ਸੀਨੀਅਰ ਆਗੂ ਹਾਂ।
ਮਾਸਟਰ ਜੀ : ਮੁਆਫ਼ ਕਰਨਾ ਜੀ! ਸ਼ਿਕਾਇਤਾਂ ਸੁਣ ਕੇ ਮੈਨੂੰ ਪਹਿਲੀ ਜਮਾਤ ਦਾ ਭੁਲੇਖਾ ਪੈ ਗਿਆ ਸੀ।
ਹਾਲ ਵਿੱਚ ਹਾਸਾ ਗੂੰਜ ਉੱਠਿਆ।
ਮਾਸਟਰ ਜੀ : ਚਲੋ ਫਿਰ ਪੰਥ ਦੇ ਅਸਲ ਮੁੱਦਿਆਂ ਬਾਰੇ ਦੱਸੋ ! ਨੌਜਵਾਨੀ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ? ਬੱਚਿਆਂ ਨੂੰ ਪੰਜਾਬੀ ਅਤੇ ਸਿੱਖ ਇਤਿਹਾਸ ਨਾਲ ਕਿਵੇਂ ਜੋੜਨਾ ਹੈ? ਗੁਰੂ ਘਰਾਂ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਕਿਵੇਂ ਲਿਆਉਣੀ ਹੈ? ਲੋੜਵੰਦ ਪਰਿਵਾਰਾਂ ਦੀ ਸਹਾਇਤਾ ਅਤੇ ਪੰਥਕ ਏਕਤਾ ਲਈ ਤੁਹਾਡੀ ਕੀ ਯੋਜਨਾ ਹੈ?
ਦੋਵੇਂ ਆਗੂ ਇੱਕ-ਦੂਜੇ ਦਾ ਮੂੰਹ ਵੇਖਣ ਲੱਗੇ।
ਮਾਸਟਰ ਜੀ : ਜਵਾਬ ਨਹੀਂ ਹੈ ਨਾ ? ਬੱਚਿਆਂ ਦੀ ਛੁੱਟੀ ਹੋ ਗਈ ਹੈ। ਤੁਸੀਂ ਦੋਵੇਂ ਪਹਿਲੀ ਜਮਾਤ ਵਿੱਚ ਬੈਠ ਜਾਓ। ਅੱਜ ਦਾ ਪਹਿਲਾ ਪਾਠ ਹੈ : ‘ਮੇਰਾ ਨਹੀਂ, ਸਾਡਾ !’
ਦੋਵੇਂ ਆਗੂ ਸ਼ਰਮਿੰਦੇ ਹੋ ਕੇ ਆਪਣੀਆਂ ਕੁਰਸੀਆਂ ਚੁੱਕਣ ਲੱਗੇ।
ਦਰਵਾਜ਼ੇ ਉੱਤੇ ਖੜ੍ਹਾ ਅਮਨ ਬੋਲਿਆ : ਕੁਰਸੀਆਂ ਬਾਹਰ ਹੀ ਛੱਡ ਆਇਓ! ਸਾਡੀ ਜਮਾਤ ਵਿੱਚ ਸਾਰੇ ਬੱਚੇ ਇੱਕੋ ਜਿਹੇ ਬੈਂਚਾਂ ਉੱਤੇ ਬੈਠਦੇ ਹਨ!
Leave a Comment