ਬੇਦਾਵਾ ! (ਨਿੱਕੀ ਕਹਾਣੀ)
ਵੇਚ ਦਿੱਤਾ ਧਰਮ ਨੂੰ, ਵੇਚ ਦਿੱਤਾ ਇਮਾਨ ਨੂੰ ਤੇ ਹੁਣ ਗੁਰੂ ਨੂੰ ਵੀ ਵੇਚ ਰਹੇ ਨੇ ! ਆਪਣੇ ਆਪਣੇ ਤੋਰ ਤੇ ਕੱਲੇ ਕੱਲੇ ਪੰਥ-ਦਰਦੀ ਕੋਸ਼ਿਸਾਂ ਵਿਚ ਲੱਗੇ ਨੇ ਪਰ ਰਾਜੇ ਤੇ ਵਜੀਰ ਇਸ ਤਪਦੀ ਦੋਪਹਰ ਵਿਚ ਕੁੱਤਿਆਂ ਵਾਂਗ ਘੁੱਕ ਸੁੱਤੇ ਹੋਏ ਹਨ ਤੇ ਆਪਣੀ ਸਿਆਸੀ ਕਾਲੀ ਰਾਤ ਦੇ ਕੁਕਰਮਾਂ ਦੀ ਥਕਾਨ ਉਤਾਰ ਰਹੇ ਨੇ ! ਆਮ ਸਿਖ ਲਈ ਕੋਈ ਦਿਸ਼ਾ ਨਹੀ ... ਹੈ ਤੇ ਸਿਰਫ ਦਿਸ਼ਾ-ਭਰਮ ! (ਧਰਮ ਸਿੰਘ ਧਰਮ ਦੀ ਬੁਰੀ ਹਾਲਤ ਵੇਖ ਕੇ ਰੋ ਰਿਹਾ ਸੀ)
ਦਿਖਾਵਾ ਸਿੰਘ : ਕਿਓਂ ਖੱਪ ਪਾਈ ਹੈ ਬਾਬਾ ਜੀ ? ਚੰਗਾ ਭਲਾ ਧਰਮ ਚਲਦਾ ਹੈ ਸਾਡਾ ! ਸਭ ਪਾਸੇ ਬੱਲੇ-ਬੱਲੇ, ਸੋਹਣੇ ਸੰਗਮਰਮਰ ਦੇ ਗੁਰੁਦੁਆਰੇ, ਸੋਨੇ ਦੀਆਂ ਪਾਲਕੀਆਂ, ਭੇਡਾਂ ਦੇ ਇੱਜੜ ਵਾਂਗ ਜਿਥੇ ਨਿਗਾਹ ਮਾਰੋ ਹਜ਼ਾਰਾਂ ਹੀ ਰਾਗੀ-ਪ੍ਰਚਾਰਕ, ਪੈਸਾ ਵੀ ਰੱਜ ਕੇ ਸਾਡੇ ਕੋਲ, ਕਲ ਮੈਂ ਸੁਣਿਆ ਹੈ ਕੀ ਇੱਕ ਇੱਕ ਵਾਰ ਵਿਚ ਹੀ ਲੱਖਾਂ ਲੋਕਾਂ ਨੂੰ ਸਾਡੇ ਬਾਬੇ ਅੰਮ੍ਰਿਤ ਛਕਾ ਰਹੇ ਨੇ ! (ਕਿਸੀ ਬਾਗ ਦੇ ਮਾਲੀ ਵਾਂਗ ਆਪਣੇ ਕੁਤਰੀ ਹੋਈ ਕਿਆਰੀ ਵਰਗੀ ਦਾਹੜੀ ਉੱਤੇ ਹੱਥ ਫੇਰਦਾ ਹੈ)
ਧਰਮ ਸਿੰਘ (ਕਲਪਣਾ ਬੰਦ ਕਰ ਕੇ) : ਗੁਰੂ ਕਾ ਸਿਖ ਕਿੱਥੇ ਹੈ ਵੀਰ ? ਹਰ ਤਰਫ਼ ਮਾਰ ਕਾਟ ਮਚੀ ਹੈ, ਪਤਿਤਪੁਣਾ ਆਪਣੇ ਸ਼ਿਖਰ ਤੇ ਪਹੁੰਚ ਚੁੱਕਾ ਹੈ, ਨਸ਼ੇ ਅੱਤੇ ਸ਼ਰਾਬ ਇਸ ਤਰੀਕੇ ਅੰਦਰ ਵੜ੍ਹ ਚੁੱਕੀ ਹੈ ਕੀ ਅੰਮ੍ਰਿਤ (ਖੰਡੇ ਕੀ ਪਾਹੁਲ) ਲਈ ਜਗਾਹ ਹੀ ਨਹੀ ਬਚੀ, ਇਤਿਹਾਸ ਵਿਚੋਂ ਵਡੇਰਿਆਂ ਦੀਆਂ ਬਹਾਦੁਰੀ ਦੀਆਂ ਕਹਾਣੀਆਂ ਦੇ ਦਮਗੱਜੇ ਮਾਰ ਕੇ ਲੋਕਾਂ ਉੱਤੇ ਸਿੱਖੀ ਦਾ ਪ੍ਰਭਾਵ ਪਾਉਣ ਵਾਲੇ ਅਸੀਂ ਲੋਗ ਉਨ੍ਹਾਂ ਕਹਾਣੀਆਂ ਨੂੰ ਦੁਬਾਰਾ ਦੁਹਰਾਉਣ ਜੋਗੇ ਵੀ ਨਹੀ ਰਹੇ ! ਆਪਣਾ ਰਾਜ ਆਪਣਾ ਰਾਜ਼.... ਪੰਜਾਬ ਵਿਚ ਵੇਖ ਲਵੋ ਆਪਣੇ ਰਾਜ ਦਾ ਅਸਰ !
ਵਿਖਾਵਾ ਸਿੰਘ : ਬੜੇ ਭਰੇ ਬੈਠੇ ਹੋ ਬਾਬਾ ਜੀ, ਕੀ ਗੱਲ ਹੈ ? ਇਤਨੇ ਹੀ ਦੁਖੀ ਹੋ ਤੇ ਛੱਡੋ ਸਿੱਖੀ ਤੇ ਬੈਠ ਜਾਓ ਖੁੰਝੇ ਵਿਚ ਜਾ ਕੇ ! ਦੇ ਦੇਵੋ ਬੇਦਾਵਾ ਤੁਸੀਂ ਵੀ ਜੇਕਰ ਤੁਹਾਨੂੰ ਇਹ ਸਭ ਕਬੂਲ ਨਹੀ ਹੈ !
ਧਰਮ ਸਿੰਘ : ਆਪਣੇ ਗੁਰੂ ਨੂੰ ਬੇਦਾਵਾ (ਕੇਸ਼ ਕਤਲ ਕਰਕੇ) ਦੇਣ ਤੋਂ ਬਾਅਦ ਤੁਸੀਂ ਤੇ ਇਹ ਸਭ ਕੂੜ-ਸੱਤਾ ਕਬੂਲ ਕਰ ਹੀ ਚੁੱਕੇ ਹੋ ! ਮੈਂ ਵੀ ਸੋਚ ਰਿਹਾ ਕੀ ਬੇਦਾਵਾ ਦੇ ਦੇਵਾਂ ! (ਕੁਝ ਸੋਚ ਕੇ) ਹਾਂ ਮੈਂ ਬੇਦਾਵਾ ਦੇਵਾਂਗਾ ...
ਮੈਂ ਬੇਦਾਵਾ ਦਿੰਦਾ ਹਾਂ ... ਇਸ ਕੂੜ ਰਾਜ ਤੇ ਕੂੜ ਸਿਆਸਿਆਂ ਨੂੰ !
ਮੈਂ ਬੇਦਾਵਾ ਦਿੰਦਾ ਹਾਂ ... ਧਰਮ ਦੇ ਨਾਮ ਤੇ ਆਮ ਸਿੱਖ ਨੂੰ ਲੁੱਟ ਰਹੇ ਅਧਰਮੀ ਪ੍ਰਚਾਰਕਾਂ ਤੇ ਅਖੌਤੀ ਸੰਤਾਂ ਨੂੰ !
ਮੈਂ ਬੇਦਾਵਾ ਦਿੰਦਾ ਹਾਂ ... ਗੁਰੂ ਜੱਸ ਦੀ ਆੜ ਵਿਚ ਗਾਣੇ ਸੁਨਾ ਰਹੇ ਰਾਗੀਆਂ ਨੂੰ !
ਮੈਂ ਬੇਦਾਵਾ ਦਿੰਦਾ ਹਾਂ ... ਮਨਮਤਾਂ, ਵਹਿਮ-ਭਰਮਾਂ, ਟੂਣੇ ਟੋਟਕਿਆਂ ਆਦਿ ਨੂੰ !
ਮੈਂ ਬੇਦਾਵਾ ਦਿੰਦਾ ਹਾਂ ... ਗੁਰੂ ਦੀ ਮੱਤ ਭੁਲਾਉਣ ਵਾਲੀ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ !
ਹਰ ਉਸ ਚੀਜ਼ ਨੂੰ ਬੇਦਾਵਾ ਦਿੰਦਾ ਹਾਂ ਜੋ ਗੁਰੂ ਦੀ ਆਸ਼ੇ ਤੋਂ ਦੂਰ ਲੈ ਜਾਵੇ ਤੇ ਮਨ ਵਿਚ ਭਰਮ ਪੈਦਾ ਕਰੇ !
ਦਿਖਾਵਾ ਸਿੰਘ (ਕਲਪ ਕੇ) : ਦੇਂਦੇ ਰਹੋ ਬੇਦਾਵੇ, ਇਹ ਸਭ ਛੱਡ ਦੇਵਾਂਗੇ ਤੇ ਸਮਾਜ ਵਿਚ ਕਿਵੇਂ ਵਿਚਰਾਂਗੇ ?
ਧਰਮ ਸਿੰਘ : ਤੁਸੀਂ ਕਰੋ ਦਿਖਾਵੇ.. ਤੁਸੀਂ ਜੀਵੋ ਸਮਾਜ ਦੀਆਂ ਸ਼ਰਤਾਂ ਤੇ, ਮੈਂ ਤੇ ਚੱਲਾ ਆਪਣੇ ਗੁਰੂ ਦੇ ਰਾਹ !
Leave a Comment