A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਭਾਈ ਮਰਦਾਨਾ ਜੀ ! (ਨਿੱਕੀ ਕਹਾਣੀ)

ਫਿਰ ਮਰਦਾਨਾ ਜੀ ਨੂੰ ਉਸ ਜਾਦੂਗਰਨੀ ਨੇ ਬਕਰਾ ਬਣਾ ਕੇ ਬੰਨ ਲਿਆ ! (ਸਟੇਜ ਤੇ ਬੈਠਾ ਵੱਡੀ ਉਮਰ ਦਾ ਪ੍ਰਚਾਰਕ ਗੁਰੂ ਨਾਨਕ ਸਾਹਿਬ ਜੀ ਬਾਰੇ ਸਾਖੀਆਂ ਸੁਨਾ ਰਿਹਾ ਸੀ ਤੇ ਭਾਈ ਮਰਦਾਨਾ ਜੀ ਨੂੰ ਉਨ੍ਹਾਂ ਸਾਖੀਆਂ ਵਿਚ ਭੁਖ ਕਰਕੇ ਪਰੇਸ਼ਾਨ, ਗੁਰੂ ਜੀ ਦੀ ਗੱਲ ਨਾ ਮੰਨਣ ਕਰਕੇ ਪਰੇਸ਼ਾਨੀਆਂ ਵਿਚ ਫੱਸਿਆ ਤੇ ਹਾਸੋ-ਹੀਣਾ ਦੱਸ ਰਿਹਾ ਸੀ )

ਸੰਗਤ ਅੰਨੀ-ਸ਼ਰਧਾ ਵੱਸ ਹੋ ਕੇ ਪ੍ਰਚਾਰਕ ਜੀ ਦੀਆਂ ਸਾਖੀਆਂ ਉੱਤੇ ਵਾਹਿਗੁਰੂ ਵਾਹਿਗੁਰੂ ਕਰ ਰਹੀਆਂ ਸਨ !

ਮਨਜੀਤ ਸਿੰਘ ਸੰਗਤੀ ਰੂਪ ਵਿਚ ਇਹ ਸੁਣ ਰਿਹਾ ਸੀ ! ਉਸਨੂੰ ਹੈਰਾਨੀ ਹੋਈ ਕੀ ਭਾਈ ਸਾਹਿਬ ਕੀ ਗੱਲ ਕਰ ਰਹੇ ਹਨ, ਉਸਨੇ ਕਥਾ ਤੋਂ ਬਾਅਦ ਪ੍ਰਚਾਰਕ ਜੀ ਨੂੰ ਮਿਲਣ ਦਾ ਮਨ ਬਣਾ ਲਿਆ !

ਮਨਜੀਤ ਸਿੰਘ (ਕਥਾ ਤੋਂ ਬਾਅਦ) : ਬਾਪੁ ਜੀ, ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਹਨ !

ਪ੍ਰਚਾਰਕ : ਹਾਂਜੀ ਦੱਸੋ ?

ਮਨਜੀਤ ਸਿੰਘ : ਆਪ ਜੀ ਨੇ ਜੋ ਸਾਖੀਆਂ ਸੁਣਾਈਆਂ ਹਨ, ਉਨ੍ਹਾਂ ਵਿਚ ਭਾਈ ਮਰਦਾਨਾ ਜੀ ਨੂੰ ਬੜਾ ਹੀ ਹਾਸੋ ਹੀਣਾ ਤੇ ਕਮਜੋਰ ਕਿਰਦਾਰ ਵਾਲਾ ਵਿਖਾਇਆ ਹੈ ! ਆਖਿਰ ਇੰਜ ਕਿਓਂ ? ਗੁਰਬਾਣੀ ਦੀ ਕਸਵੱਟੀ ਤੇ ਜੇਕਰ ਪਰਖੀਏ ਤਾਂ ਆਪ ਜੀ ਦੀ ਇਹ ਗੱਲ ਸਮਝ ਨਹੀ ਆਉਂਦੀ !

ਪ੍ਰਚਾਰਕ : ਕੀ ਮਤਲਬ ਹੈ ਕਾਕੇ ਤੇਰਾ ? ਅਸੀਂ ਕੋਈ ਅਨਪੜ੍ਹ ਹਾਂ ਜੋ ਤੂੰ ਸਾਨੂੰ ਸਿਖਾਉਣ ਆਇਆ ਹੈਂ ? ਇੰਜ ਹੀ ਲਿਖਿਆ ਹੈ ਕੁਝ ਜਨਮ ਸਾਖੀਆਂ ਵਿਚ !

ਮਨਜੀਤ ਸਿੰਘ : ਜਦੋਂ ਗੁਰੂ ਸਾਹਿਬ ਜੀ ਨੂੰ ਬਾਣੀ ਉਚਾਰਨ ਕਰਨੀ ਹੁੰਦੀ ਸੀ ਤੇ ਜਿਕਰ ਆਉਂਦਾ ਹੈ ਕੀ ਓਹ ਕਹਿੰਦੇ ਸਨ ਕੀ "ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ !" ਉਸ ਵੇਲੇ ਨਾ ਕੋਈ ਘੜੀ ਹੁੰਦੀ ਸੀ ਫਿਰ ਵੀ ਉਸ ਵੇਲੇ ਦੇ ਹਿਸਾਬ ਨਾਲ ਭਾਈ ਮਰਦਾਨਾ ਜੀ ਉਸੀ ਰਾਗ ਦੇ ਹਿਸਾਬ ਨਾਲ ਰਬਾਬ ਵਜਾਉਂਦੇ ਸਨ ਕਿਓਂਕਿ ਗੁਰੂ ਸਾਹਿਬ ਨੇ ਬਾਣੀ ਰਾਗਾਂ ਵਿਚ ਲਿਖੀ ਹੈ ਤੇ ਲਿਖਣ ਤੋਂ ਪਹਿਲਾਂ ਗਾਈ ਹੈ ! ਕਿਤਨੀ ਉੱਚੀ ਅਵਸਥਾ ਹੋਵੇਗੀ ਭਾਈ ਮਰਦਾਨਾ ਜੀ ਦੀ ਜੋ ਸਮੇਂ ਦੇ ਹਿਸਾਬ ਨਾਲ ਰਾਗ ਵਜਾਉਂਦੇ ਹੋਣਗੇ ! ਰੱਬੀ-ਰਸ ਵਿਚ ਭਿੱਜੇ ਓਹ ਗੁਰੂ ਨਾਨਕ ਸਾਹਿਬ ਦੀ ਸੰਗਤ ਕਰ ਰਹੇ ਸਨ.

ਇਸ ਬਾਬਤ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਕੀ ਇੱਕ ਬਾਬਾ ਅਕਾਲ ਰੂਪ ਤੇ ਦੂਜਾ ਰਬਾਬੀ ਮਰਦਾਨਾ ! ਜੋ ਆਤਮਿਕ ਅਵਸਥਾ ਗੁਰੂ ਨਾਨਕ ਸਾਹਿਬ ਜੀ ਦੀ ਸੀ, ਓਹ ਉਨ੍ਹਾਂ ਦੇ ਸਾਥੀ ਤੇ ਰੂਪ ਵਿਚ ਭਾਈ ਮਰਦਾਨਾ ਜੀ ਵਿਚ ਹੋਣੀ ਸੁਭਾਵਿਕ ਸੀ ! ਹਰ ਵੇਲੇ ਦਾ ਸਾਥ ! ਰੱਬ ਦੀਆਂ ਗੱਲਾਂ ! ਇਤਨੇ ਲੰਬੇ ਸਫਰਾਂ ਵਿਚ (ਉਦਾਸੀਆਂ) ਗੁਰੂ ਸਾਹਿਬ ਨਾਲ ਰਾਹ ਦੀਆਂ ਪਰੇਸ਼ਾਨੀਆਂ ਝਲਦੇ ਹੋਏ ਵੀ ਖਿੜੇ ਮੱਥੇ ਹਰ ਵੇਲੇ ਰਬਾਬ ਨਾਲ ਤਿਆਰ ਰਹਿਣਾ ਇੱਕ ਵੱਡੀ ਘਾਲਣਾ ਦਾ ਚਿਤਰਣ ਹੈ ! ਤੇ ਅਜੇਹਾ ਗੁਰਮੁਖ ਕਦੀ ਵੀ ਤੁਹਾਡੀਆਂ ਸਾਖੀਆਂ ਵਰਗੀਆਂ ਹਾਸੋ-ਹੀਣੀਆਂ ਗੱਲਾਂ ਦਾ ਪਾਤਰ ਨਹੀ ਹੋ ਸਕਦਾ !

ਪ੍ਰਚਾਰਕ (ਜੋ ਹੁਣ ਗੌਰ ਨਾਲ ਇਸ ਨੌਜਵਾਨ ਦੀ ਗੱਲ ਸੁਣ ਰਿਹਾ ਸੀ) : ਕਾਕਾ, ਅਸੀਂ ਵਾਕਈ ਹੀ ਕਦੀ ਧਿਆਨ ਨਹੀ ਦਿੱਤਾ ਤੇ ਜੋ ਪੜਿਆ ਉਸਨੂੰ ਹੀ ਸਚ ਸਮਝ ਕੇ ਬੋਲੀ ਗਏ ! ਅਸੀਂ ਭੁੱਲ ਗਏ ਸੀ ਕੀ ਗੁਰੂ ਸਾਹਿਬ ਆਪ ਸਮਝਾਉਂਦੇ ਨੇ ਕੀ ਗੁਰਮਤ ਦੀ ਕਸਵੱਟੀ ਤੇ ਪਰਖ ਕੇ ਗੱਲ ਕਹਿਣੀ ਚਾਹੀਦੀ ਹੈ ! ਵਾਕਈ ਹੀ ਕਿਤਨਾ ਟਿਕਾਓ ਹੋਵੇਗਾ ਉਸ ਮਹਾਪੁਰੁਖ ਵਿਚ ਜਿਸਨੂੰ ਸਾਰੇ ਰਾਗਾਂ ਦੀ ਇਤਨੀ ਸਮਝ ਅੱਤੇ ਸੋਝੀ ਸੀ ! ਅਜੇਹੇ ਸੰਗੀਤ ਅਤੇ ਰਾਗ ਦੇ ਗੁਣ ਲਈ ਤੇ ਇਨਸਾਨ ਦਾ ਅੱਤ ਅਨੁਸ਼ਾਸ਼ਨ ਵਿਚ, ਨਿੱਤ ਰਿਆਜ਼ ਅੱਤੇ ਧੀਰ-ਗੰਭੀਰ ਹੋਣਾ ਲਾਜਿਮੀ ਹੈ ! ਮੈਂ ਤੁਹਾਡਾ ਧਨਵਾਦ ਕਰਦਾ ਹਾਂ ਕੀ ਤੁਸੀਂ ਮੇਨੂੰ ਨਿੰਦਕ ਬਣ ਕੇ ਨਹੀ ਬਲਕਿ ਗੁਰਸਿਖ ਵੀਰ ਬਣ ਕੇ ਰਾਹ ਵਿਖਾਇਆ !

ਮਨਜੀਤ ਸਿੰਘ (ਸਿਰ ਝੁਕਾ ਕੇ) : ਨਹੀ ਭਾਈ ਸਾਹਿਬ, ਆਪ ਮੇਰੇ ਤੋਂ ਵੱਡੇ ਹੋ ਤੇ ਅਸੀਂ ਆਪ ਜੀ ਪਾਸੋ ਸਿਖਣਾ ਹੈ !

ਪ੍ਰਚਾਰਕ : ਸਿਖਣ ਤੇ ਸਿਖਾਉਣ ਦੀ ਕੋਈ ਉਮਰ ਨਹੀ ਹੁੰਦੀ ! ਮੈ ਅੱਜ ਤੋਂ ਇਨ੍ਹਾਂ ਸਾਖੀਆਂ ਦੀ ਪੜਚੋਲ ਸ਼ੁਰੂ ਕਰਾਂਗਾ ਤੇ ਗੁਰਮਤ ਦੀ ਕਸਵੱਟੀ ਤੇ ਪਰਖ ਕੇ ਹੀ ਸੰਗਤਾਂ ਨੂੰ ਸੁਣਾਵਾਂਗਾ !

Leave a Comment

Reader Comments